Asian Champions Trophy 2026: ਭਾਰਤ ਨੇ ਰਚਿਆ ਇਤਿਹਾਸ, 6ਵੀਂ ਵਾਰ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖ਼ਿਤਾਬ, ਜਾਪਾਨ ਨੂੰ 4-1 ਨਾਲ ਦਿੱਤੀ ਮਾਤ
Asian Champions Trophy 2026: ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਵੀਰਵਾਰ ਨੂੰ ਮੋਹਾਲੀ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਛੇਵੀਂ ਵਾਰ ਇਸ ਟੂਰਨਾਮੈਂਟ ਦੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਲਗਾਤਾਰ ਤੀਜੀ ਵਾਰ ਇਹ ਖ਼ਿਤਾਬ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਨੇ 2023 ਅਤੇ 2024 ਵਿੱਚ ਵੀ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ ਸੀ।
ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਜਾਪਾਨ ਨੇ ਮੈਚ ਦੇ ਤੀਜੇ ਮਿੰਟ ਵਿੱਚ ਗੋਲ ਕਰਕੇ 1-0 ਦੀ ਬੜ੍ਹਤ ਬਣਾ ਲਈ। ਤੀਜੇ ਕੁਆਰਟਰ ਦੇ 42ਵੇਂ ਮਿੰਟ ਵਿੱਚ ਸ਼ਿਲਾਨੰਦ ਲਾਕੜਾ ਨੇ ਗੋਲ ਕਰਕੇ ਭਾਰਤ ਨੂੰ ਬਰਾਬਰੀ ਦਿਵਾਈ। ਇਸ ਤੋਂ ਬਾਅਦ ਆਖਰੀ ਕੁਆਰਟਰ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਹੋਰ ਗੋਲ ਕਰਕੇ ਜਿੱਤ ਪੱਕੀ ਕਰ ਦਿੱਤੀ।
ਤੀਜੇ ਮਿੰਟ ਵਿੱਚ ਜਾਪਾਨ ਨੇ ਬਣਾਈ ਸੀ ਬੜ੍ਹਤ
ਮੈਚ ਦੇ ਤੀਜੇ ਮਿੰਟ ਵਿੱਚ ਜਾਪਾਨ ਦੇ ਕਾਜ਼ੁਮਾਸਾ ਮਾਤਸੁਮੋਤੋ ਨੇ ਰਿਵਰਸ ਹਿੱਟ ਰਾਹੀਂ ਫੀਲਡ ਗੋਲ ਕਰਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਭਾਰਤੀ ਖਿਡਾਰੀਆਂ ਨੇ ਬਰਾਬਰੀ ਲਈ ਕਈ ਕੋਸ਼ਿਸ਼ਾਂ ਕੀਤੀਆਂ, ਪਰ ਜਾਪਾਨ ਦਾ ਡਿਫੈਂਸ ਕਾਫ਼ੀ ਮਜ਼ਬੂਤ ਰਿਹਾ। ਦੂਜੇ ਕੁਆਰਟਰ ਵਿੱਚ ਵੀ ਜਾਪਾਨ ਨੇ ਭਾਰਤ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ ਅਤੇ ਹਾਫ ਟਾਈਮ ਤੱਕ ਸਕੋਰ 1-0 ਰਿਹਾ।
42ਵੇਂ ਮਿੰਟ ਵਿੱਚ ਸ਼ਿਲਾਨੰਦ ਨੇ ਕੀਤਾ ਬਰਾਬਰੀ ਵਾਲਾ ਗੋਲ
42ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ। ਕਪਤਾਨ ਹਰਮਨਪ੍ਰੀਤ ਸਿੰਘ ਦਾ ਫਲਿਕ ਜਾਪਾਨੀ ਗੋਲਕੀਪਰ ਨੇ ਰੋਕ ਲਿਆ। ਇਸ ਤੋਂ ਬਾਅਦ ਆਦਿਤਿਆ ਲਾਲਾਗੇ ਨੇ ਸ਼ਿਲਾਨੰਦ ਲਾਕੜਾ ਨੂੰ ਪਾਸ ਦਿੱਤਾ, ਜਿਸ ਨੂੰ ਸ਼ਿਲਾਨੰਦ ਨੇ ਗੋਲ ਵਿੱਚ ਪਹੁੰਚਾ ਕੇ ਸਕੋਰ 1-1 ਕਰ ਦਿੱਤਾ।
ਆਖਰੀ ਕੁਆਰਟਰ ਵਿੱਚ 6 ਮਿੰਟਾਂ ਦੌਰਾਨ ਭਾਰਤ ਨੇ ਦਾਗੇ 3 ਗੋਲ
48ਵੇਂ ਮਿੰਟ ਵਿੱਚ ਹਾਰਦਿਕ ਸਿੰਘ ਦੇ ਪਾਸ ‘ਤੇ ਦਿਲਪ੍ਰੀਤ ਸਿੰਘ ਨੇ ਰਿਵਰਸ ਹਿੱਟ ਰਾਹੀਂ ਗੋਲ ਕਰਕੇ ਭਾਰਤ ਨੂੰ 2-1 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ 53ਵੇਂ ਮਿੰਟ ਵਿੱਚ ਜੁਗਰਾਜ ਸਿੰਘ ਨੇ ਸ਼ਾਨਦਾਰ ਡਰੈਗ ਫਲਿਕ ਰਾਹੀਂ ਤੀਜਾ ਗੋਲ ਕੀਤਾ। ਇਸ ਤੋਂ ਅਗਲੇ ਹੀ ਮਿੰਟ ਵਿਵੇਕ ਸਾਗਰ ਪ੍ਰਸਾਦ ਨੇ ਚੌਥਾ ਗੋਲ ਕਰਕੇ ਭਾਰਤ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ।
ਹਰਮਨਪ੍ਰੀਤ ਬੋਲੇ- ਟੀਮ ਨੂੰ ਭਰੋਸਾ ਸੀ ਕਿ ਗੋਲ ਜ਼ਰੂਰ ਹੋਵੇਗਾ
ਖ਼ਿਤਾਬ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਟੀਮ ‘ਤੇ ਮਾਣ ਹੈ। ਖਿਡਾਰੀਆਂ ਨੇ ਆਖਰੀ ਸਮੇਂ ਤੱਕ ਜਿੱਤਣ ਦਾ ਜਜ਼ਬਾ ਕਾਇਮ ਰੱਖਿਆ। ਟੀਮ ਨੂੰ ਭਰੋਸਾ ਸੀ ਕਿ ਗੋਲ ਜ਼ਰੂਰ ਹੋਵੇਗਾ ਅਤੇ ਆਖਰੀ ਕੁਆਰਟਰ ਵਿੱਚ ਖਿਡਾਰੀਆਂ ਦੀ ਮਿਹਨਤ ਦਾ ਨਤੀਜਾ ਸਾਹਮਣੇ ਆਇਆ। ਹਰਮਨਪ੍ਰੀਤ ਸਿੰਘ ਇਸ ਟੂਰਨਾਮੈਂਟ ਵਿੱਚ 10 ਗੋਲ ਕਰਕੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਰਹੇ।
ਨਿਲਕਾਂਤਾ ਸ਼ਰਮਾ ਦੇ ਅੰਤਰਰਾਸ਼ਟਰੀ ਕਰੀਅਰ ਦਾ ਜਿੱਤ ਨਾਲ ਹੋਇਆ ਅੰਤ
ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਦੇ ਤਜਰਬੇਕਾਰ ਮਿਡਫੀਲਡਰ ਨਿਲਕਾਂਤਾ ਸ਼ਰਮਾ ਦਾ ਅੰਤਰਰਾਸ਼ਟਰੀ ਹਾਕੀ ਕਰੀਅਰ ਵੀ ਸਮਾਪਤ ਹੋ ਗਿਆ। ਫਾਈਨਲ ਮੈਚ ਤੋਂ ਬਾਅਦ ਸਾਥੀ ਖਿਡਾਰੀਆਂ ਨੇ ਉਨ੍ਹਾਂ ਨੂੰ ਹਵਾ ਵਿੱਚ ਉਛਾਲ ਕੇ ਸ਼ਾਨਦਾਰ ਵਿਦਾਈ ਦਿੱਤੀ। ਨਿਲਕਾਂਤਾ ਨੇ ਲੰਬੇ ਸਮੇਂ ਤੱਕ ਭਾਰਤੀ ਹਾਕੀ ਟੀਮ ਲਈ ਯੋਗਦਾਨ ਪਾਇਆ ਅਤੇ ਟੀਮ ਦੇ ਮਿਡਫੀਲਡ ਨੂੰ ਮਜ਼ਬੂਤੀ ਦਿੱਤੀ। ਉਨ੍ਹਾਂ ਦੇ ਕਰੀਅਰ ਦਾ ਆਖਰੀ ਮੁਕਾਬਲਾ ਖ਼ਿਤਾਬੀ ਜਿੱਤ ਨਾਲ ਯਾਦਗਾਰ ਬਣ ਗਿਆ।
ਫਾਈਨਲ ਦੇਖਣ ਪਹੁੰਚੇ ਮੁੱਖ ਮੰਤਰੀ ਅਤੇ ਰਾਜਪਾਲ
ਮੋਹਾਲੀ ਵਿੱਚ ਖੇਡੇ ਗਏ ਇਸ ਫਾਈਨਲ ਮੁਕਾਬਲੇ ਨੂੰ ਦੇਖਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਸਟੇਡੀਅਮ ਪਹੁੰਚੇ।
ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 8-1 ਨਾਲ ਹਰਾਇਆ ਸੀ
ਜ਼ਿਕਰਯੋਗ ਹੈ ਕਿ ਡਿਫੈਂਡਿੰਗ ਚੈਂਪੀਅਨ ਭਾਰਤ ਨੇ ਬੁੱਧਵਾਰ ਨੂੰ ਮੋਹਾਲੀ ਵਿੱਚ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੂੰ 8-1 ਨਾਲ ਕਰਾਰੀ ਮਾਤ ਦੇ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਇਸ ਮੈਚ ਵਿੱਚ ਸ਼ਿਲਾਨੰਦ ਲਾਕੜਾ ਅਤੇ ਦਿਲਪ੍ਰੀਤ ਸਿੰਘ ਨੇ 2-2 ਗੋਲ ਕੀਤੇ ਸਨ, ਜਦਕਿ ਕਪਤਾਨ ਹਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਅੰਗਦ ਬੀਰ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਨੇ ਇੱਕ-ਇੱਕ ਗੋਲ ਕੀਤਾ ਸੀ।