ਮਮਤਾ ਬੈਨਰਜੀ ’ਤੇ ਚਾਕੂ ਨਾਲ ਹਮਲੇ ਦੀ ਕੋਸ਼ਿਸ਼ !
Attempted knife attack on Mamata Banerjee: ਕੋਲਕਾਤਾ: ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਮੰਗਲਵਾਰ ਸ਼ਾਮ ਉਨ੍ਹਾਂ ਦੀ ਕਾਲੀਘਾਟ ਸਥਿਤ ਰਿਹਾਇਸ਼ ਨੇੜੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸ਼ਾਮ ਕਰੀਬ 6 ਵਜੇ ਉਸ ਸਮੇਂ ਵਾਪਰੀ, ਜਦੋਂ ਮਮਤਾ ਬੈਨਰਜੀ ਦੁਰਗਾ ਪੂਜਾ ਪੰਡਾਲ ਦਾ ਉਦਘਾਟਨ ਕਰਨ ਜਾ ਰਹੇ ਸਨ। ਇਸ ਘਟਨਾ ਵਿੱਚ ਉਹ ਸੁਰੱਖਿਅਤ ਰਹੇ। ਘਟਨਾ ਤੋਂ ਬਾਅਦ ਮਮਤਾ ਬੈਨਰਜੀ ਨੇ ਦੁਰਗਾ ਪੂਜਾ ਪੰਡਾਲ ਦਾ ਉਦਘਾਟਨ ਕੀਤਾ ਅਤੇ ਫਿਰ ਆਪਣੀ ਰਿਹਾਇਸ਼ ਵਾਪਸ ਚਲੇ ਗਏ। ਤ੍ਰਿਣਮੂਲ ਕਾਂਗਰਸ ਦੀ ਸਾਬਕਾ ਰਾਜ ਸਭਾ ਮੈਂਬਰ ਡੋਲਾ ਸੇਨ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ਮੁਤਾਬਕ, ਮੁਲਜ਼ਮ ਔਰਤ ਦੀ ਪਛਾਣ ਤਨਿਸ਼ਠਾ ਸਾਹਾ ਵਜੋਂ ਹੋਈ ਹੈ। ਦੋਸ਼ ਹੈ ਕਿ ਔਰਤ ਨਸ਼ੇ ਦੀ ਹਾਲਤ ਵਿੱਚ ਗਾਲੀ-ਗਲੋਚ ਕਰ ਰਹੀ ਸੀ ਅਤੇ ਚਾਕੂ ਲੈ ਕੇ ਮਮਤਾ ਬੈਨਰਜੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੀ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ, ਜਿਸ ਤੋਂ ਬਾਅਦ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਮਮਤਾ ਦੀ ਭਤੀਜੀ ਹੋਣ ਦਾ ਦਾਅਵਾ ਕਰਨ ਦਾ ਦੋਸ਼
ਡੋਲਾ ਸੇਨ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਔਰਤ ਨੇ ਖ਼ੁਦ ਨੂੰ ਮਮਤਾ ਬੈਨਰਜੀ ਦੀ ਭਤੀਜੀ ਦੱਸ ਕੇ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸ ਨੇ ਸੜਕ ’ਤੇ ਲੇਟ ਕੇ ਹੰਗਾਮਾ ਵੀ ਕੀਤਾ। ਟੀਐਮਸੀ ਨੇ ਇਸ ਘਟਨਾ ਪਿੱਛੇ ਸਾਜ਼ਿਸ਼ ਹੋਣ ਦਾ ਖ਼ਦਸ਼ਾ ਜਤਾਇਆ ਹੈ।
ਪੁਲਿਸ ਵੱਲੋਂ ਵੀਡੀਓ ਫੁਟੇਜ ਦੀ ਜਾਂਚ
ਪੀਟੀਆਈ ਦੀ ਰਿਪੋਰਟ ਮੁਤਾਬਕ, ਪੁਲਿਸ ਨੇ ਦੱਸਿਆ ਕਿ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਦੀ ਵੀਡੀਓ ਫੁਟੇਜ ਦੀ ਜਾਂਚ ਕੀਤੀ ਜਾਵੇਗੀ ਅਤੇ ਮੌਕੇ ’ਤੇ ਮੌਜੂਦ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਪੁਲਿਸ ਜਾਂਚ ਤੋਂ ਬਾਅਦ ਹੀ ਘਟਨਾ ਸਬੰਧੀ ਹੋਰ ਤੱਥ ਸਪੱਸ਼ਟ ਹੋਣਗੇ।
