ਸਾਊਦੀ ਅਰਬ ’ਚ ਫਾਂਸੀ ਦੀ ਸਜ਼ਾ ਵਾਲੇ ਬਲਜਿੰਦਰ ਸਿੰਘ ਲਈ ਮੁਹਿੰਮ ਤੇਜ਼: ਦਿ ਗ੍ਰੇਟ ਖਲੀ ਤੇ ਦਿਲਜੀਤ ਦੋਸਾਂਝ ਨੇ ਸਰਕਾਰ ਤੋਂ ਮਦਦ ਦੀ ਕੀਤੀ ਅਪੀਲ
Baljinder Singh facing death penalty in Saudi Arabia: ਪਠਾਨਕੋਟ: ਸਾਊਦੀ ਅਰਬ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਪਾਏ ਪੰਜਾਬੀ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਬਚਾਉਣ ਲਈ ਮੁਹਿੰਮ ਤੇਜ਼ ਹੋ ਗਈ ਹੈ। ਪਠਾਨਕੋਟ ਦੇ ਸੁਜਾਨਪੁਰ ਹਲਕੇ ਨਾਲ ਸਬੰਧਤ ਬਲਜਿੰਦਰ ਦੇ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਪਰਿਵਾਰ ਦਾ ਦਾਅਵਾ ਹੈ ਕਿ ਬਲਜਿੰਦਰ ਨੂੰ ਇੱਕ ਜਾਣ-ਪਛਾਣ ਵਾਲੇ ਵਿਅਕਤੀ ਨੇ ਕਥਿਤ ਤੌਰ ’ਤੇ ਝੂਠੇ ਢੰਗ ਨਾਲ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਫਸਾਇਆ। ਪਰਿਵਾਰ ਮੁਤਾਬਕ ਬਲਜਿੰਦਰ ਦੁਬਈ ਤੋਂ ਸਾਊਦੀ ਅਰਬ ਜਾ ਰਿਹਾ ਸੀ ਤਾਂ ਉਸ ਵਿਅਕਤੀ ਨੇ ਆਪਣੇ ਪਿਤਾ ਦੀਆਂ ਦਵਾਈਆਂ ਦੱਸ ਕੇ ਇੱਕ ਪੈਕੇਟ ਉਸ ਨੂੰ ਸਾਊਦੀ ਅਰਬ ਪਹੁੰਚਾਉਣ ਲਈ ਦਿੱਤਾ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਸਾਊਦੀ ਅਰਬ ਦੀ ਸਰਹੱਦ ’ਤੇ ਟਰੱਕ ਦੀ ਚੈਕਿੰਗ ਦੌਰਾਨ ਪੈਕੇਟ ਵਿੱਚੋਂ ਦਵਾਈਆਂ ਦੀ ਬਜਾਏ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ਤੋਂ ਬਾਅਦ ਬਲਜਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਸਾਊਦੀ ਅਰਬ ਦੀ ਅਦਾਲਤ ਵੱਲੋਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।
ਦਿ ਗ੍ਰੇਟ ਖਲੀ ਤੇ ਦਿਲਜੀਤ ਦੋਸਾਂਝ ਨੇ ਕੀਤੀ ਮਦਦ ਦੀ ਅਪੀਲ
ਬਲਜਿੰਦਰ ਦੀ ਮਦਦ ਲਈ ਹੁਣ ਪਹਿਲਵਾਨ ਦਿ ਗ੍ਰੇਟ ਖਲੀ ਵੀ ਅੱਗੇ ਆਏ ਹਨ। ਉਨ੍ਹਾਂ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਬਲਜਿੰਦਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਬਲਜਿੰਦਰ ਦੀ ਮਾਂ ਗੁਰਮੀਤ ਕੌਰ ਸਮੇਤ ਪਰਿਵਾਰ ਲਗਾਤਾਰ ਸਰਕਾਰ ਤੋਂ ਉਸ ਨੂੰ ਬਚਾਉਣ ਲਈ ਮਦਦ ਦੀ ਮੰਗ ਕਰ ਰਿਹਾ ਹੈ।
