Crop Damage in Punjab – ਬਿਆਸ ਦਰਿਆ ਇੱਕ ਵਾਰੀ ਫਿਰ ਕਪੂਰਥਲਾ ਦੇ ਮੰਡ ਖੇਤਰ ਵਿੱਚ ਆਪਣੇ ਉਫ਼ਾਨ ਨਾਲ ਹਜ਼ਾਰਾਂ ਏਕੜ ਫਸਲਾਂ ਨੂੰ ਨਸ਼ਟ ਕਰਨ ਦੇ ਮੁਕਾਮ ‘ਤੇ ਪਹੁੰਚ ਗਿਆ ਹੈ। ਇਸ ਹਾਲਾਤ ਨੇ ਖੇਤੀ ਉੱਤੇ ਨਿਰਭਰ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਪਾਣੀ ਦੇ ਵਧਦੇ ਪੱਧਰ ਕਾਰਨ ਕਿਸਾਨਾਂ ਨੇ ਖ਼ਤਸ਼ਾ ਜਤਾਇਆ ਹੈ ਕਿ ਉਹਨਾਂ ਦੀ ਬੇਮੌਸਮ ਪੱਕੀ ਹੋਈ ਫਸਲ ਮੁਕੰਮਲ ਤੌਰ ਤੇ ਨਸ਼ਟ ਹੋ ਸਕਦੀ ਹੈ।
ਮੰਡ ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਲਗਾਤਾਰ ਹੜ੍ਹਾਂ ਦੀ ਮਾਰ ਸਹਿੰਦੇ ਆ ਰਹੇ ਹਨ, ਪਰ ਸਰਕਾਰ ਵੱਲੋਂ ਹਮੇਸ਼ਾ ਹੀ ਉਨ੍ਹਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਕਿਸਾਨਾਂ ਦਾ ਆਰੋਪ ਹੈ ਕਿ ਮੌਕਿਆਂ ਉੱਤੇ ਕੋਈ ਸਰਕਾਰੀ ਅਧਿਕਾਰੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਹਾਲਤ ਦਾ ਜਾਇਜ਼ਾ ਲੈਣ ਨਹੀਂ ਆਉਂਦਾ ਅਤੇ ਨਾ ਹੀ ਕਦੇ ਵਾਜਿਬ ਮੁਆਵਜਾ ਦਿੱਤਾ ਜਾਂਦਾ ਹੈ।
ਕਿਸਾਨ ਆਗੂਆਂ ਨੇ ਸਰਕਾਰ ਨੂੰ ਕਿਹਾ:
“ਜੇਕਰ ਸਰਕਾਰ ਨੇ ਜ਼ਮੀਨਾਂ ਦੀ ਲੈਂਡ ਪੁਲਿੰਗ ਕਰਕੇ ਉਨ੍ਹਾਂ ਨੂੰ ਹੜ੍ਹਾਂ ਦੇ ਹਵਾਲੇ ਕੀਤਾ ਤਾਂ ਇਸ ਵਾਰ ਕਿਸਾਨ ਚੁੱਪ ਨਹੀਂ ਬੈਠਣਗੇ।”
ਲੈਂਡ ਪੁਲਿੰਗ ਪਾਲਿਸੀ ‘ਤੇ ਭੜਕੇ ਕਿਸਾਨ ਆਗੂ
ਇਸ ਸੰਦਰਭ ਵਿੱਚ ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਨੇ ਸਰਕਾਰ ਦੀਆਂ ਨੀਤੀਆਂ ਨੂੰ ਸਿੱਧਾ ਕਿਸਾਨ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ “ਲੈਂਡ ਪੁਲਿੰਗ ਪਾਲਿਸੀ ਕਿਸਾਨ ਮਾਰੂ ਯੋਜਨਾ ਹੈ, ਜਿਸਦਾ ਅਸਲ ਮਕਸਦ ਕਿਸਾਨਾਂ ਦੀ ਜ਼ਮੀਨ ਨੂੰ ਬਿਨਾ ਰਜ਼ਾਮੰਦੀ ਹਥਿਆਉਣਾ ਹੈ।”
ਉਨ੍ਹਾਂ ਆਖਿਆ:
“ਜੇਕਰ ਸਰਕਾਰ ਨੇ ਇਹ ਪਾਲਿਸੀ ਵਾਪਸ ਨਾ ਲਈ ਤਾਂ ਅਸੀਂ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਾਂ। ਲੋੜ ਪਈ ਤਾਂ ਸ਼ਹੀਦੀਆਂ ਦੇਣ ਤੋਂ ਵੀ ਨਹੀਂ ਡਰਾਂਗੇ।”