ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ’ਤੇ ਭਾਖੜਾ ਨਹਿਰ ਦਾ ਪੁਲ ਟੁੱਟਿਆ, ਦੋ ਟਰੱਕ ਫਸੇ
- ਇੱਕ ਟਰੱਕ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
- ਪਿਛਲੇ ਸਾਲ ਪੁਲ ਵਿੱਚ ਆਈਆਂ ਸਨ ਤਰੇੜਾਂ
ਪਟਿਆਲਾ: ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਪਸਿਆਣਾ ਨੇੜੇ ਭਾਖੜਾ ਨਹਿਰ ’ਤੇ ਬਣਿਆ ਲੋਹੇ ਦਾ ਪੁਲ ਵੀਰਵਾਰ ਤੜਕਸਾਰ ਅਚਾਨਕ ਟੁੱਟ ਗਿਆ। ਹਾਦਸੇ ਸਮੇਂ ਪੁਲ ਤੋਂ ਦੋ ਟਰੱਕ ਲੰਘ ਰਹੇ ਸਨ। ਪੁਲ ਦਾ ਹਿੱਸਾ ਟੁੱਟਣ ਕਾਰਨ ਦੋਵੇਂ ਟਰੱਕ ਉਸ ਵਿੱਚ ਧਸ ਗਏ ਅਤੇ ਨਹਿਰ ਉੱਪਰ ਲਟਕ ਗਏ। ਇਸ ਦੌਰਾਨ ਨਹਿਰ ਦਾ ਪਾਣੀ ਵੀ ਟੁੱਟੇ ਪੁਲ ਦੇ ਉੱਪਰੋਂ ਵਗਣ ਲੱਗ ਪਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਪ੍ਰਸ਼ਾਸਨ, ਬਚਾਅ ਟੀਮਾਂ ਅਤੇ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ ਸੀ, ਜਿਸ ’ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ।
ਸੁਰੱਖਿਆ ਦੇ ਮੱਦੇਨਜ਼ਰ ਪੁਲ ਦੇ ਦੋਵੇਂ ਪਾਸੇ ਬੈਰੀਕੇਡਿੰਗ ਕਰਕੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਟ੍ਰੈਫਿਕ ਨੂੰ ਦੂਜੇ ਪੁਲ ਰਾਹੀਂ ਡਾਇਵਰਟ ਕੀਤਾ ਗਿਆ ਹੈ। ਹਾਦਸੇ ਸਮੇਂ ਟਰੱਕਾਂ ਵਿੱਚ ਕਿੰਨੇ ਵਿਅਕਤੀ ਸਵਾਰ ਸਨ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਕੀ ਹੈ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਹਾਲਾਂਕਿ, ਹੁਣ ਤੱਕ ਕਿਸੇ ਜਾਨੀ ਨੁਕਸਾਨ ਜਾਂ ਜ਼ਖ਼ਮੀ ਹੋਣ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਜਾਣਕਾਰੀ ਅਨੁਸਾਰ ਇਹ ਨੈਸ਼ਨਲ ਹਾਈਵੇ ਸਾਲ 2016 ਵਿੱਚ ਬਣ ਕੇ ਤਿਆਰ ਹੋਇਆ ਸੀ ਅਤੇ ਇਸੇ ਸਮੇਂ ਪੁਲ ਦੀ ਉਸਾਰੀ ਵੀ ਕੀਤੀ ਗਈ ਸੀ। ਕਰੀਬ 100 ਮੀਟਰ ਲੰਬੇ ਇਸ ਪੁਲ ਵਿੱਚ ਪਿਛਲੇ ਸਾਲ ਤਰੇੜਾਂ ਆਉਣ ਦੀ ਗੱਲ ਵੀ ਸਾਹਮਣੇ ਆਈ ਸੀ। ਉਸ ਸਮੇਂ ਐੱਨਐੱਚਏਆਈ ਵੱਲੋਂ ਇਸ ਦੀ ਮੁਰੰਮਤ ਕਰਵਾਈ ਗਈ ਸੀ। ਕਰੀਬ 10 ਸਾਲ ਬਾਅਦ ਪੁਲ ਦੇ ਅਚਾਨਕ ਟੁੱਟਣ ਕਾਰਨ ਇਸ ਦੀ ਮਜ਼ਬੂਤੀ ਅਤੇ ਮੁਰੰਮਤ ਸਬੰਧੀ ਸਵਾਲ ਖੜ੍ਹੇ ਹੋ ਰਹੇ ਹਨ। ਫਿਲਹਾਲ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।