ਕਾਂਗਰਸ ਨੂੰ ਵੱਡਾ ਝਟਕਾ, ਰਾਜਿੰਦਰ ਕੌਰ ਭੱਠਲ ਦਾ ਭਤੀਜਾ AAP ’ਚ ਸ਼ਾਮਲ
Sanmeek Singh Henry Sidhu Join AAP; ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਭਤੀਜੇ ਸਨਮੀਕ ਸਿੰਘ ਹੈਨਰੀ ਸਿੱਧੂ ਨੇ ਆਮ ਆਦਮੀ ਪਾਰਟੀ (AAP) ਦਾ ਪੱਲਾ ਫੜ ਲਿਆ ਹੈ।
ਚੰਡੀਗੜ੍ਹ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ AAP ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੀ ਮੌਜੂਦ ਰਹੇ।
20 ਸਾਲ ਕਾਂਗਰਸ ਲਈ ਕੰਮ ਕੀਤਾ: ਸਨਮੀਕ ਸਿੰਘ
AAP ਵਿੱਚ ਸ਼ਾਮਲ ਹੋਣ ਤੋਂ ਬਾਅਦ ਸਨਮੀਕ ਸਿੰਘ ਹੈਨਰੀ ਸਿੱਧੂ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਬਿਨਾਂ ਕਿਸੇ ਸਵਾਰਥ ਦੇ ਕਾਂਗਰਸ ਲਈ ਕੰਮ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਹਾਲੀਆ ਬਿਆਨ ਤੋਂ ਉਨ੍ਹਾਂ ਨੂੰ ਝਟਕਾ ਲੱਗਿਆ, ਜਿਸ ਵਿੱਚ ਇੱਕ ਪਰਿਵਾਰ ਨੂੰ ਦੋ ਤੋਂ ਚਾਰ ਟਿਕਟਾਂ ਦੇਣ ਦੀ ਗੱਲ ਕਹੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ।
“ਰਾਜਿੰਦਰ ਕੌਰ ਭੱਠਲ ਮੇਰੀ ਚਾਚੀ ਹਨ”
ਸਨਮੀਕ ਸਿੰਘ ਨੇ ਕਿਹਾ, “ਰਾਜਿੰਦਰ ਕੌਰ ਭੱਠਲ ਮੇਰੀ ਚਾਚੀ ਹਨ। ਮੈਂ ਪਿਛਲੇ 20 ਸਾਲਾਂ ਤੋਂ ਬਿਨਾਂ ਕਿਸੇ ਸਵਾਰਥ ਦੇ ਕਾਂਗਰਸ ਲਈ ਕੰਮ ਕੀਤਾ ਹੈ।”
ਉਨ੍ਹਾਂ ਦੱਸਿਆ ਕਿ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਉਨ੍ਹਾਂ ਨੂੰ PCC ਦਾ ਮੈਂਬਰ ਬਣਾਇਆ ਗਿਆ ਸੀ।
AAP ਦੀਆਂ ਨੀਤੀਆਂ ਤੋਂ ਪ੍ਰਭਾਵਿਤ
ਸਨਮੀਕ ਸਿੰਘ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ AAP ਵਿੱਚ ਵਰਕਰਾਂ ਨੂੰ ਸਨਮਾਨ ਅਤੇ ਮਾਣ ਮਿਲਦਾ ਹੈ, ਇਸ ਲਈ ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
