ਸ਼੍ਰੀ ਮਾਤਾ ਵੈਸ਼ਣੋ ਦੇਵੀ ਯਾਤਰੀਆਂ ਲਈ ਵੱਡੀ ਖੁਸ਼ਖਬਰੀ, ਅੰਮ੍ਰਿਤਸਰ-ਕਟੜਾ ਰੂਟ ਮੁੜ ਬਹਾਲ, ਮੰਤਰੀ ਬਿੱਟੂ ਨੇ ਦਿਖਾਈ ਹਰੀ ਝੰਡੀ
Amritsar Katra Vande Bharat; ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਲਗਭਗ 7 ਮਹੀਨਿਆਂ ਬਾਅਦ ਇੱਕ ਵਾਰ ਫਿਰ ਸ਼ੁਰੂ ਹੋ ਗਈ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਅੰਮ੍ਰਿਤਸਰ ਸਟੇਸ਼ਨ ‘ਤੇ ਆਯੋਜਿਤ ਪ੍ਰੋਗਰਾਮ ਦੌਰਾਨ ਇਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਪਹਿਲਾਂ ਵੀ ਚਲਾਈ ਜਾ ਚੁੱਕੀ ਸੀ, ਪਰ ਰੂਟ ਵਿੱਚ ਬਦਲਾਅ ਕਾਰਨ ਇਸਦਾ ਦੁਬਾਰਾ ਸ਼ੁਰੂਆਤ ਕੀਤੀ ਗਈ ਹੈ।
ਹੁਣ ਇਹ ਟ੍ਰੇਨ ਬਿਆਸ ਅਤੇ ਜਲੰਧਰ ਦੀ ਬਜਾਏ ਸਿੱਧੇ ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਰਾਹੀਂ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਪਹੁੰਚੇਗੀ। ਨਵੇਂ ਟਾਈਮ ਟੇਬਲ ਅਨੁਸਾਰ ਟ੍ਰੇਨ ਨੰਬਰ 26405 ਅੰਮ੍ਰਿਤਸਰ ਤੋਂ ਸ਼ਾਮ 4:40 ਵਜੇ ਰਵਾਨਾ ਹੋਵੇਗੀ। ਇਹ 5:18 ਵਜੇ ਬਟਾਲਾ, 5:58 ਵਜੇ ਗੁਰਦਾਸਪੁਰ, 6:32 ਵਜੇ ਪਠਾਨਕੋਟ ਅਤੇ 8:03 ਵਜੇ ਜੰਮੂ ਤਵੀ ਪਹੁੰਚਣ ਤੋਂ ਬਾਅਦ ਰਾਤ 9:45 ਵਜੇ ਕਟੜਾ ਪਹੁੰਚੇਗੀ। ਇਸੇ ਤਰ੍ਹਾਂ ਟ੍ਰੇਨ ਨੰਬਰ 26406 ਕਟੜਾ ਤੋਂ ਸਵੇਰੇ 6:40 ਵਜੇ ਰਵਾਨਾ ਹੋ ਕੇ ਦੁਪਹਿਰ 11:40 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪਹੁੰਚੇਗੀ।
ਹੁਣ ਮੰਗਲਵਾਰ ਨੂੰ ਵੀ ਨਹੀਂ ਚੱਲੇਗੀ ਟ੍ਰੇਨ, ਸ਼ਨੀਵਾਰ ਰਹੇਗੀ ਬੰਦ
ਰੇਲਵੇ ਪ੍ਰਸ਼ਾਸਨ ਮੁਤਾਬਕ ਪਹਿਲਾਂ ਇਹ ਟ੍ਰੇਨ ਮੰਗਲਵਾਰ ਨੂੰ ਨਹੀਂ ਚਲਦੀ ਸੀ, ਪਰ ਨਵੇਂ ਸ਼ੈਡਿਊਲ ਅਨੁਸਾਰ ਹੁਣ ਇਸਦਾ ਸੰਚਾਲਨ ਸ਼ਨੀਵਾਰ ਨੂੰ ਬੰਦ ਰਹੇਗਾ। ਹਫਤੇ ਦੇ ਬਾਕੀ ਛੇ ਦਿਨ ਯਾਤਰੀ ਇਸ ਸੇਵਾ ਦਾ ਲਾਭ ਲੈ ਸਕਣਗੇ। ਜ਼ਿਕਰਯੋਗ ਹੈ ਕਿ ਜੰਮੂ ਦੇ ਚੱਕਰ ਰਖਵਾਲ ਅਤੇ ਪੰਜਾਬ ਦੇ ਮਾਧੋਪੁਰ ਵਿਚਕਾਰ ਪੁਲ ਨਿਰਮਾਣ ਕੰਮ ਕਾਰਨ 25 ਨਵੰਬਰ 2025 ਨੂੰ ਇਸ ਟ੍ਰੇਨ ਦਾ ਸੰਚਾਲਨ ਰੋਕ ਦਿੱਤਾ ਗਿਆ ਸੀ। ਹੁਣ ਇਸ ਦੇ ਮੁੜ ਸ਼ੁਰੂ ਹੋਣ ਨਾਲ ਸ਼੍ਰੀ ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਯਾਤਰੀਆਂ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।