ਹਸਪਤਾਲ ‘ਚ ਵੱਡੀ ਲਾਪਰਵਾਹੀ, ਫ੍ਰੀਜ਼ਰ ਖਰਾਬ! ਕਲਾਕਾਰ ਦੀ ਡੈਡਬਾਡੀ ਹੋਈ ਖਰਾਬ, ਚਾਰ ਦਿਨ ਪਹਿਲਾਂ ਹੋਇਆ ਸੀ ਦੇਹਾਂਤ, ਹਸਪਤਾਲ ਨੇ ਧਾਰੀ ਚੁੱਪੀ

ਮੋਹਾਲੀ ਦੇ ਮੈਡੀਕਲ ਕਾਲਜ (MS) ਵਿੱਚ ਫ੍ਰੀਜ਼ਰ ਖਰਾਬ ਹੋਣ ਕਾਰਨ ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਦੀ ਲਾਸ਼ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬਿਜਲੀ ਨਾ ਹੋਣ ਕਾਰਨ ਇਹ ਸਮੱਸਿਆ ਪੈਦਾ ਹੋਈ। ਇਸ ਘਟਨਾ ਨੇ ਮ੍ਰਿਤਕ ਦੇ ਪਰਿਵਾਰ ਨਾਲ-ਨਾਲ ਸਾਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਪਰਿਵਾਰ ਨੇ ਇਸ ਮਾਮਲੇ ‘ਚ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।
ਚਾਰ ਦਿਨ ਪਹਿਲਾਂ ਹੋਇਆ ਸੀ ਦੇਹਾਂਤ
ਖਰੜ ਦੇ ਰਹਿਣ ਵਾਲੇ ਪ੍ਰਸਿੱਧ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਦਾ ਚਾਰ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿਦੇਸ਼ ਵਿੱਚ ਹੋਣ ਕਾਰਨ ਅੰਤਿਮ ਸੰਸਕਾਰ ਵਿਚ ਦੇਰੀ ਹੋਣੀ ਸੀ। ਇਸ ਲਈ ਮ੍ਰਿਤਕ ਦੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਪਰਿਵਾਰਕ ਮੈਂਬਰਾਂ ਨੇ ਉਸਨੂੰ ਮੋਹਾਲੀ ਦੇ ਸਿਵਲ ਹਸਪਤਾਲ, ਫੇਜ਼-6 ਦੀ ਮੋਰਚਰੀ ਵਿਚ ਰੱਖਵਾਇਆ ਸੀ।
ਪਤਾ ਲੱਗਾ ਹੈ ਕਿ ਸ਼ਨੀਵਾਰ ਨੂੰ ਜਦੋਂ ਪਰਿਵਾਰਕ ਮੈਂਬਰ ਵਿਦੇਸ਼ ਤੋਂ ਵਾਪਸ ਆਏ ਅਤੇ ਲਾਸ਼ ਲੈਣ ਲਈ ਮੋਰਚਰੀ ਪਹੁੰਚੇ, ਤਾਂ ਉਹ ਹੈਰਾਨ ਰਹਿ ਗਏ। ਜਿਸ ਫ੍ਰੀਜ਼ਰ ਵਿੱਚ ਮ੍ਰਿਤਕ ਦੀ ਲਾਸ਼ ਰੱਖੀ ਗਈ ਸੀ, ਉਹ ਬੰਦ ਪਿਆ ਸੀ। ਇਸ ਕਰਕੇ ਸਰੀਰ ਵਿੱਚੋਂ ਤੇਜ਼ ਬਦਬੂ ਆਉਣ ਲੱਗੀ ਸੀ ਅਤੇ ਲਾਸ਼ ਕਾਲੀ ਪੈ ਕੇ ਫੂਲ ਚੁੱਕੀ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਫ੍ਰੀਜ਼ਰ ਦੋ ਤੋਂ ਤਿੰਨ ਦਿਨ ਪਹਿਲਾਂ ਹੀ ਬੰਦ ਹੋ ਗਿਆ ਸੀ।
ਹਸਪਤਾਲ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਜਦੋਂ ਪਰਿਵਾਰ ਨੇ ਇਸ ਮਾਮਲੇ ‘ਚ ਹਸਪਤਾਲ ਅਧਿਕਾਰੀਆਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਬਿਜਲੀ ਨਾ ਹੋਣ ਦਾ ਬਹਾਨਾ ਬਣਾ ਦਿੱਤਾ।
ਫ੍ਰੀਜ਼ ਦੀ ਇੱਕ ਕੁਆਇਲ ਵਿੱਚ ਖਰਾਬੀ ਸੀ
ਇਸ ਮਾਮਲੇ ਬਾਰੇ ਫੋਰੈਂਸਿਕ ਵਿਭਾਗ ਦੇ ਐਚਓਡੀ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਸਾਹਮਣੇ ਆਇਆ ਸੀ। ਮੋਰਚਰੀ ਵਿੱਚ ਰੱਖੀ ਲਾਸ਼ ਕੁਝ ਹੱਦ ਤੱਕ ਖਰਾਬ ਹੋ ਗਈ ਸੀ। ਮੋਰਚਰੀ ਵਿੱਚ ਕੁੱਲ ਅੱਠ ਫ੍ਰੀਜ਼ ਹਨ ਅਤੇ ਸਾਰੇ ਠੀਕ ਹਾਲਤ ਵਿੱਚ ਕੰਮ ਕਰ ਰਹੇ ਹਨ। ਜਿਸ ਫ੍ਰੀਜ਼ ਵਿੱਚ ਕਲਾਕਾਰ ਦੀ ਲਾਸ਼ ਰੱਖੀ ਗਈ ਸੀ, ਉਹ ਵੀ ਚੱਲ ਰਿਹਾ ਸੀ ਅਤੇ ਉਸ ਦਾ ਤਾਪਮਾਨ ਵੀ ਠੀਕ ਸੀ। ਬਾਅਦ ਵਿੱਚ ਟੈਕਨੀਸ਼ੀਅਨ ਨੂੰ ਬੁਲਾ ਕੇ ਚੈੱਕ ਕਰਵਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਫ੍ਰੀਜ਼ ਦੀ ਇੱਕ ਕੁਆਇਲ ਵਿੱਚ ਥੋੜੀ ਸਮੱਸਿਆ ਸੀ, ਜਿਸਨੂੰ ਬਾਅਦ ਵਿੱਚ ਠੀਕ ਕਰ ਦਿੱਤਾ ਗਿਆ।