ਕੈਨੇਡਾ ਬੱਸ ਹਾਦਸੇ ਦੇ ਦੋਸ਼ੀ ਜਸਕੀਰਤ ਸਿੱਧੂ ਨੂੰ ਵੱਡੀ ਰਾਹਤ: ਡਿਪੋਰਟ ਹੋਣ ਤੋਂ 2 ਦਿਨ ਪਹਿਲਾਂ ਦੇਸ਼ ਨਿਕਾਲੇ ‘ਤੇ ਲਾਈ ਰੋਕ; ਜਾਣੋ ਕੀ ਹੈ ਪੂਰਾ ਮਾਮਲਾ
Jaskirat Singh Sidhu Canada: ਕੈਨੇਡਾ ਦੀ ਇੱਕ ਸੰਘੀ ਅਦਾਲਤ (Federal Court) ਨੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਦੇ ਦੇਸ਼ ਨਿਕਾਲੇ (Deportation) ਦੇ ਹੁਕਮਾਂ ‘ਤੇ ਐਮਰਜੈਂਸੀ ਰੋਕ ਲਗਾ ਦਿੱਤੀ ਹੈ। ਸਿੱਧੂ ਨੂੰ ਸੋਮਵਾਰ (27 ਅਪ੍ਰੈਲ) ਸਵੇਰੇ ਭਾਰਤ ਭੇਜਿਆ ਜਾਣਾ ਸੀ, ਪਰ ਜਸਟਿਸ ਜੋਸਲੀਨ ਗੈਗਨੇ ਨੇ ਆਖਰੀ ਸਮੇਂ ‘ਤੇ ਉਸ ਨੂੰ ਵੱਡੀ ਰਾਹਤ ਦਿੱਤੀ ਹੈ।
ਕੀ ਹੈ ਹੰਬੋਲਟ ਬ੍ਰੋਂਕੋਸ ਹਾਦਸਾ?
6 ਅਪ੍ਰੈਲ 2018 ਨੂੰ ਸਸਕੈਚਵਨ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ। ਕੈਲਗਰੀ ਦੇ ਰਹਿਣ ਵਾਲੇ ਨਵੇਂ ਟਰੱਕ ਡਰਾਈਵਰ ਜਸਕੀਰਤ ਸਿੱਧੂ ਨੇ ਇੱਕ ‘ਸਟਾਪ ਸਾਈਨ’ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਾਰਨ ਉਸ ਦਾ ਟਰੱਕ ‘ਹੰਬੋਲਟ ਬ੍ਰੋਂਕੋਸ’ ਜੂਨੀਅਰ ਹਾਕੀ ਟੀਮ ਦੀ ਬੱਸ ਨਾਲ ਟਕਰਾ ਗਿਆ। ਇਸ ਦਰਦਨਾਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਗੰਭੀਰ ਜ਼ਖ਼ਮੀ ਹੋਏ ਸਨ। ਸਿੱਧੂ ਨੂੰ ਖ਼ਤਰਨਾਕ ਡਰਾਈਵਿੰਗ ਲਈ 8 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਅਦਾਲਤੀ ਕਾਰਵਾਈ ਅਤੇ ਪਰਿਵਾਰਕ ਦਲੀਲਾਂ
ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਦੇਸ਼ ਨਿਕਾਲੇ ਦੇ ਫੈਸਲੇ ‘ਤੇ ਮਾਨਵੀ ਅਤੇ ਹਮਦਰਦੀ ਦੇ ਆਧਾਰ ‘ਤੇ ਮੁੜ ਵਿਚਾਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ:
- ਸਿੱਧੂ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚੋਂ ਇੱਕ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
- ਸਿੱਧੂ ਖ਼ੁਦ ਵੀ ਸਿਹਤ ਸੰਬੰਧੀ ਸੱਮਸਿਆ ਦਾ ਸਾਹਮਣਾ ਕਰ ਰਿਹਾ ਹੈ।
- ਅਦਾਲਤ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਡਿਪੋਰਟ ਕਰਨ ਦੇ ਫੈਸਲੇ ‘ਤੇ ਅਗਲੇ 1 ਤੋਂ 8 ਮਹੀਨਿਆਂ ਤੱਕ ਰੋਕ ਲਗਾ ਦਿੱਤੀ ਹੈ।
ਪੀੜਤ ਪਰਿਵਾਰਾਂ ਦਾ ਰੋਸ
ਦੂਜੇ ਪਾਸੇ, ਹਾਦਸੇ ਵਿੱਚ ਜਾਨ ਗਵਾਉਣ ਵਾਲੇ ਖਿਡਾਰੀਆਂ ਦੇ ਮਾਪੇ ਇਸ ਫੈਸਲੇ ਤੋਂ ਖ਼ੁਸ਼ ਨਹੀਂ ਹਨ। ਮ੍ਰਿਤਕ ਲੋਗਨ ਬੋਲੇਟ ਦੇ ਪਿਤਾ ਟੋਬੀ ਬੋਲੇਟ ਅਤੇ ਜੈਕਸਨ ਬੋਲੇਟ ਦੇ ਪਿਤਾ ਕ੍ਰਿਸ ਜੋਸਫ਼ ਨੇ ਕਿਹਾ ਕਿ ਇਹ ਦੇਸ਼ ਨਿਕਾਲਾ ਕੋਈ ਸਜ਼ਾ ਨਹੀਂ ਬਲਕਿ ਕੈਨੇਡੀਅਨ ਕਾਨੂੰਨ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਅਪੀਲਾਂ ਪਾਉਣ ਨਾਲ ਉਨ੍ਹਾਂ ਦੇ ਜ਼ਖ਼ਮ ਫਿਰ ਤੋਂ ਹਰੇ ਹੋ ਜਾਂਦੇ ਹਨ।
ਜਸਕੀਰਤ ਦਾ ਪੰਜਾਬ ਨਾਲ ਸਬੰਧ
ਜਸਕੀਰਤ ਸਿੰਘ ਸਿੱਧੂ ਮੂਲ ਰੂਪ ਵਿੱਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਬੀ.ਕਾਮ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ 2014 ਵਿੱਚ ਆਪਣੀ ਪਤਨੀ ਨਾਲ ਕੈਨੇਡਾ ਚਲਾ ਗਿਆ ਸੀ।
ਜਾਣੋ ਕਦੋਂ ਕੀ-ਕੀ ਹੋਇਆ
- ਅਪ੍ਰੈਲ 2018: ਭਿਆਨਕ ਹਾਦਸਾ ਵਾਪਰਿਆ।
- ਮਾਰਚ 2019: 8 ਸਾਲ ਦੀ ਸਜ਼ਾ ਸੁਣਾਈ ਗਈ।
- ਜਨਵਰੀ 2023: ਚੰਗੇ ਵਿਵਹਾਰ ਕਾਰਨ ਪੈਰੋਲ ਮਿਲੀ।
- ਮਈ 2024: PR ਰੱਦ ਹੋਈ ਅਤੇ ਦੇਸ਼ ਨਿਕਾਲੇ ਦਾ ਹੁਕਮ ਜਾਰੀ।
- ਅਪ੍ਰੈਲ 2026: ਫੈਡਰਲ ਕੋਰਟ ਵੱਲੋਂ ਦੇਸ਼ ਨਿਕਾਲੇ ‘ਤੇ ਅਸਥਾਈ ਰੋਕ।