ਕੈਨੇਡਾ ‘ਚ ਪੰਜਾਬੀਆਂ ਨੂੰ ਵੱਡੀ ਰਾਹਤ: ਪਰਮਿਟ ਖ਼ਤਮ ਹੋਣ ‘ਤੇ ਹੁਣ ਤੁਰੰਤ ਵਾਪਸੀ ਦੀ ਨਹੀਂ ਲੋੜ
Canada IRCC News: ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਏਜੰਸੀ (IRCC) ਦੇ ਨਵੇਂ ਨਿਯਮਾਂ ‘ਚ ਸੋਧ ਕਰਨ ਤੋਂ ਬਾਅਦ ਹੁਣ ਪਰਮਿਟ ਖਤਮ ਹੋਣ ਤੇ ਤੁਰੰਤ ਬਾਅਦ ਦੇਸ਼ ਛੱਡਣ ਦੀ ਕਾਹਲੀ ਨਹੀਂ ਕਰਨੀ ਪਵੇਗੀ। 1 ਮਈ ਤੋਂ 2026 ਤੋਂ ਆਊਟ ਆਫ ਸਟੇਟ ਹੋ ਚੁੱਕੇ ਵਿਆਕਤੀਆਂ ਨੂੰ ਤੁਰੰਤ ਦੇਸ਼ ਛੱਡਣ ਦੀ ਲੋੜ ਨਹੀਂ ਪਵੇਗੀ।
ਕੀ ਹੈ ਨਵਾਂ ਨਿਯਮ?
ਪਹਿਲਾਂ ਨਿਯਮ ਇਹ ਸੀ ਕਿ ਜੇਕਰ ਤੁਹਾਡਾ ਵਰਕ ਜਾਂ ਸਟੱਡੀ ਪਰਮਿਟ ਖ਼ਤਮ ਹੋ ਜਾਂਦਾ ਸੀ, ਤਾਂ ਤੁਹਾਨੂੰ ਉਸੇ ਸ਼੍ਰੇਣੀ (ਵਰਕਰ ਜਾਂ ਸਟੂਡੈਂਟ) ਵਿੱਚ ਆਪਣਾ ਸਟੇਟਸ ਬਹਾਲ (Restore) ਕਰਨਾ ਪੈਂਦਾ ਸੀ। ਜੇਕਰ ਤੁਹਾਡੇ ਕੋਲ ਨਵੀਂ ਨੌਕਰੀ ਜਾਂ ਨਵਾਂ ਕੋਰਸ ਨਹੀਂ ਹੁੰਦਾ ਸੀ, ਤਾਂ ਤੁਹਾਨੂੰ ਭਾਰਤ ਵਾਪਸ ਜਾਣਾ ਪੈਂਦਾ ਸੀ। ਪਰ ਹੁਣ, IRCC ਨੇ ‘ਵਿਜ਼ਟਰ ਰਿਕਾਰਡ’ (Visitor Record) ਰਾਹੀਂ ਸਟੇਟਸ ਬਹਾਲ ਕਰਨ ਦਾ ਨਵਾਂ ਵਿਕਲਪ ਦਿੱਤਾ ਹੈ।
90 ਦਿਨਾਂ ਦਾ ਮਹੱਤਵਪੂਰਨ ਸਮਾਂ
ਨਵੇਂ ਨਿਯਮਾਂ ਅਨੁਸਾਰ, ਪਰਮਿਟ ਦੀ ਮਿਆਦ ਪੁੱਗਣ ਦੇ 90 ਦਿਨਾਂ ਦੇ ਅੰਦਰ ਕੋਈ ਵੀ ਵਿਅਕਤੀ ‘ਵਿਜ਼ਟਰ’ ਵਜੋਂ ਆਪਣੀ ਸਥਿਤੀ ਨੂੰ ਬਹਾਲ ਕਰਨ ਲਈ ਅਰਜ਼ੀ ਦੇ ਸਕਦਾ ਹੈ। ਇਹ ਉਹਨਾਂ ਲੋਕਾਂ ਲਈ ਸੰਜੀਵਨੀ ਵਾਂਗ ਹੈ ਜੋ ਕੈਨੇਡਾ ਵਿੱਚ ਰਹਿ ਕੇ ਆਪਣੀ ਪੀਆਰ (PR) ਜਾਂ ਨਵੇਂ ਵਰਕ ਪਰਮਿਟ ਦੇ ਵਿਕਲਪਾਂ ਦੀ ਤਲਾਸ਼ ਕਰਨਾ ਚਾਹੁੰਦੇ ਹਨ।
ਇਹਨਾਂ ਗੱਲਾ ਦਾ ਰੱਖਣਾ ਹੋਵੇਗਾ ਧਿਆਨ
- ਕੰਮ ਅਤੇ ਪੜ੍ਹਾਈ ‘ਤੇ ਰੋਕ: ਜਿਵੇਂ ਹੀ ਤੁਹਾਡਾ ਪੁਰਾਣਾ ਪਰਮਿਟ ਖ਼ਤਮ ਹੁੰਦਾ ਹੈ, ਤੁਹਾਨੂੰ ਤੁਰੰਤ ਕੰਮ ਕਰਨਾ ਜਾਂ ਪੜ੍ਹਾਈ ਬੰਦ ਕਰਨੀ ਪਵੇਗੀ। ਵਿਜ਼ਟਰ ਰਿਕਾਰਡ ਲਈ ਅਰਜ਼ੀ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੰਮ ਜਾਰੀ ਰੱਖ ਸਕਦੇ ਹੋ।
- ਕੈਨੇਡਾ ਵਿੱਚ ਮੌਜੂਦਗੀ: ਇਹ ਸਹੂਲਤ ਸਿਰਫ਼ ਉਨ੍ਹਾਂ ਲਈ ਹੈ ਜੋ ਅਰਜ਼ੀ ਦੇ ਸਮੇਂ ਅਤੇ ਪ੍ਰਕਿਰਿਆ ਦੌਰਾਨ ਕੈਨੇਡਾ ਦੇ ਅੰਦਰ ਹੀ ਰਹਿ ਰਹੇ ਹਨ।
- ਡੈੱਡਲਾਈਨ: ਜੇਕਰ 90 ਦਿਨਾਂ ਦੀ ਸਮਾਂ ਸੀਮਾ ਲੰਘ ਜਾਂਦੀ ਹੈ, ਤਾਂ ਇਹ ਰਾਹਤ ਉਪਲਬਧ ਨਹੀਂ ਹੋਵੇਗੀ ਅਤੇ ਵਿਅਕਤੀ ਨੂੰ ਦੇਸ਼ ਨਿਕਾਲੇ (Deportation) ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਫੀਸ: ਇਸ ਪ੍ਰਕਿਰਿਆ ਲਈ ‘ਰੀਸਟੋਰੇਸ਼ਨ ਫੀਸ’ ਅਤੇ ‘ਵਿਜ਼ਟਰ ਰਿਕਾਰਡ ਫੀਸ’ ਦੋਵੇਂ ਅਦਾ ਕਰਨੀਆਂ ਪੈਣਗੀਆਂ (ਲਗਭਗ $346 CAD)।
ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਹਜ਼ਾਰਾਂ ਪੰਜਾਬੀ ਪਰਿਵਾਰਾਂ ‘ਤੇ ਆਰਥਿਕ ਅਤੇ ਮਾਨਸਿਕ ਬੋਝ ਘਟੇਗਾ। ਹੁਣ ਉਨ੍ਹਾਂ ਕੋਲ ਕੈਨੇਡਾ ਵਿੱਚ ਕਾਨੂੰਨੀ ਤੌਰ ‘ਤੇ ਰਹਿ ਕੇ ਆਪਣੇ ਭਵਿੱਖ ਬਾਰੇ ਫੈਸਲਾ ਲੈਣ ਲਈ ਤਿੰਨ ਮਹੀਨਿਆਂ ਦਾ ਵਾਧੂ ਸਮਾਂ ਹੋਵੇਗਾ।