ਖੂਨ ਦੇ ਰਿਸ਼ਤੇ ਬਣੇ ਵੈਰੀ, ਸਕੇ ਭਰਾਵਾਂ ਨੇ ਬਦਮਾਸ਼ਾਂ ਨਾਲ ਮਿਲਕੇ ਭਰਾ ਦਾ ਕੀਤਾ ਕਤਲ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
Punjab Crime News; ਬਰਨਾਲਾ ਦੀ ਸਬ ਡਿਵੀਜ਼ਨ ਤਪਾ ਮੰਡੀ ਦੇ ਨੇੜਲੇ ਪਿੰਡ ਘੁੰਨਸ ਵਿਖੇ ਪਿਛਲੀ ਲੰਘੀ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੈਸ ਅੱਧਾ ਦਰਜਨ ਵਿਅਕਤੀਆਂ ਨੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਿਸ ਦੀ ਲਾਸ਼ ਖੂਨ ਨਾਲ ਲੱਥ ਪੱਥ ਹੋਈ ਘਰ ਦੀ ਬਾਹਰ ਸੜਕ ਦੇ ਉੱਪਰ ਖੜੀ ਇੱਕ ਕਾਰ ਵਿੱਚੋਂ ਮਿਲੀ।
ਮ੍ਰਿਤਕ ਦੀ ਪਹਿਚਾਣ 32 ਸਾਲ ਦੇ ਤਰਸੇਮ ਸਿੰਘ ਪੁੱਤਰ ਸਵ. ਬੂਟਾ ਸਿੰਘ ਪਿੰਡ ਘੁੰਨਸ ਵਜੋਂ ਹੋਈ ਹੈ। ਮ੍ਰਿਤਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਮ੍ਰਿਤਕ ਆਪਣੇ ਪਰਿਵਾਰ ਦੇ ਸਹਾਰੇ ਲਈ ਨੇੜਲੇ ਪਿੰਡ ਮਹਿਤਾ ਵਿਖੇ ਝੋਨੇ ਦੇ ਸੀਜ਼ਨ ਤੋਂ ਬਾਅਦ ਬੱਕਰੀਆਂ ਚਾਰ-ਕੇ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ।
ਇਸ ਮੌਕੇ ਮ੍ਰਿਤਕ ਦੀ ਮਾਂ ਬਲਵੀਰ ਕੌਰ ਸਮੇਤ ਪਰਿਵਾਰਿਕ ਮੈਂਬਰਾਂ ਨੇ ਰੋਂਦੇ ਕੁਰਲਾਉਂਦਿਆਂ ਕਿਹਾ ਕਿ ਉਨਾਂ ਦੇ ਪੁੱਤ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਕਤਲ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਇਨਸਾਫ ਦਵਾਇਆ ਜਾਵੇ।
ਪਰਿਵਾਰਿਕ ਮੈਂਬਰ ਅਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਸਰਦੀਆਂ ਦੇ ਕੱਪੜੇ ਲੈਣ ਲਈ ਕੱਲ ਰਾਤ ਨੂੰ ਘਰ ਆ ਰਿਹਾ ਸੀ। ਜਦ ਉਹ ਸ਼ਰਾਬ ਦੇ ਠੇਕੇ ਕੋਲੇ ਖੜੇ ਸਨ ਤਾਂ ਕੁਝ ਨੌਜਵਾਨਾਂ ਨੇ ਉਸ ਨਾਲ ਤੂੰ-ਤੂੰ, ਮੈਂ -ਮੈਂ ਤੋਂ ਬਾਅਦ ਬਹਿਸਬਾਜ਼ੀ ਹੋ ਗਈ ਅਤੇ ਗੱਡੀਆਂ ਦੀ ਭੰਨ ਤੋੜ ਵੀ ਕਰ ਦਿੱਤੀ। ਜਿਸ ਤੋਂ ਬਾਅਦ ਵਰਨਾ ਕਾਰ ਵਿੱਚ ਬੈਠੇ ਤਰਸੇਮ ਸਿੰਘ ਦੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਗਲ ਉੱਪਰ ਹਮਲਾ ਕਰ ਦਿੱਤਾ ਜਿੱਥੇ ਉਸ ਦੀ ਮੌਕੇ ਤੇ ਮੌਤ ਹੋ ਗਈ। ਪਹਿਲਾਂ ਸ਼ਰਾਬ ਦੇ ਠੇਕੇ ਕੋਲੇ ਆਲਟੋ ਕਾਰ ਦੀ ਤੋੜਭੰਨ ਕੀਤੀ ਗਈ ਉਸ ਤੋਂ ਬਾਅਦ ਮ੍ਰਿਤਕ ਦੇ ਘਰ ਕੋਲ ਬਸਤੀ ਵਿੱਚ ਵਰਨਾ ਕਾਰ ਵਿੱਚ ਬੈਠੇ ਤਰਸੇਮ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਪਰਿਵਾਰਿਕ ਮੈਂਬਰਾਂ ਅਤੇ ਨੇੜਲੇ ਲੋਕਾਂ ਨੇ ਇਸ ਦੀ ਸੂਚਨਾ ਤਪਾ ਪੁਲਿਸ ਨੂੰ ਦਿੱਤੀ ਜਿੱਥੇ ਤਪਾ ਪੁਲਿਸ ਰਾਤ ਸਮੇਂ ਹੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਸ ਕਤਲ ਵਰਗੀ ਵੱਡੀ ਘਟਨਾ ਨਾਲ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਉੱਥੇ ਪਿੰਡ ਘੁੰਨਸ ਵਿੱਚ ਵੀ ਕਤਲ ਵਰਗੀ ਵੱਡੀ ਘਟਨਾ ਨੂੰ ਲੈ ਕੇ ਲੋਕ ਸਹਿਮ ਦੇ ਮਾਹੌਲ ਵਿੱਚ ਹਨ।
ਇਸ ਮਾਮਲੇ ਸੰਬੰਧੀ ਸਬ ਡਿਵੀਜ਼ਨ ਤਪਾ ਮੰਡੀ ਦੇ ਡੀਐਸਪੀ ਗੁਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਰਾਤ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ, ਜਿੱਥੇ ਮੌਕੇ ‘ਤੇ ਪੁਲਿਸ ਵੱਲੋਂ ਜਾਇਜ਼ਾ ਲਿਆ ਗਿਆ ਸੀ। ਮ੍ਰਿਤਕ ਤਰਸੇਮ ਸਿੰਘ ਦੇ ਭਰਾ ਰੇਸ਼ਮ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਥਾਣਾ ਤਪਾ ਮੰਡੀ ਵਿੱਚ ਕਤਲ ਵਰਗਿਆਂ ਸੰਗੀਨ ਧਰਾਵਾਂ 103(1),191(3),190,324(4), ਤਹਿਤ, ਪੰਜ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਜਿਨਾਂ ਵਿੱਚੋਂ ਤਿੰਨ ਦੋਸ਼ੀ ਸਕੇ ਭਰਾ ਵੀ ਹਨ। ਇਸ ਮੌਕੇ ਡੀਐਸਪੀ ਗੁਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮਾਮਲੇ ਸਬੰਧੀ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।