Banner

ਜਾਇਦਾਦ ਲਈ ਖੂਨੀ ਖੇਡ!, ਪਿਤਾ ਤੇ ਮਤਰੇਈ ਮਾਂ ਨੇ ਕੀਤਾ ਪੁੱਤ ਦਾ ਕਤਲ, ਲਾਸ਼ ਨਹਿਰ ‘ਚ ਸੁੱਟਣ ਦੇ ਦੋਸ਼

Amritsar Murder Property Dispute; ਅੰਮ੍ਰਿਤਸਰ ਦੇ ਮਜੀਠਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਾਇਦਾਦੀ ਵਿਵਾਦ ਨੂੰ ਲੈ ਕੇ ਇੱਕ ਨੌਜਵਾਨ ਦੀ ਕਥਿਤ ਤੌਰ ‘ਤੇ ਉਸਦੇ ਪਿਤਾ, ਮਤਰੇਈ ਮਾਂ ਅਤੇ ਮਤਰੇਏ ਭਰਾਵਾਂ ਵੱਲੋਂ ਹੱਤਿਆ ਕਰ ਦਿੱਤੀ ਗਈ। ਦੋਸ਼ ਹੈ ਕਿ ਵਾਰਦਾਤ ਦੌਰਾਨ ਮ੍ਰਿਤਕ ਦੀ ਪਤਨੀ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ […]
Jaspreet Singh
By : Updated On: 08 Jul 2026 18:08:PM
ਜਾਇਦਾਦ ਲਈ ਖੂਨੀ ਖੇਡ!, ਪਿਤਾ ਤੇ ਮਤਰੇਈ ਮਾਂ ਨੇ ਕੀਤਾ ਪੁੱਤ ਦਾ ਕਤਲ, ਲਾਸ਼ ਨਹਿਰ ‘ਚ ਸੁੱਟਣ ਦੇ ਦੋਸ਼

Amritsar Murder Property Dispute; ਅੰਮ੍ਰਿਤਸਰ ਦੇ ਮਜੀਠਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਾਇਦਾਦੀ ਵਿਵਾਦ ਨੂੰ ਲੈ ਕੇ ਇੱਕ ਨੌਜਵਾਨ ਦੀ ਕਥਿਤ ਤੌਰ ‘ਤੇ ਉਸਦੇ ਪਿਤਾ, ਮਤਰੇਈ ਮਾਂ ਅਤੇ ਮਤਰੇਏ ਭਰਾਵਾਂ ਵੱਲੋਂ ਹੱਤਿਆ ਕਰ ਦਿੱਤੀ ਗਈ। ਦੋਸ਼ ਹੈ ਕਿ ਵਾਰਦਾਤ ਦੌਰਾਨ ਮ੍ਰਿਤਕ ਦੀ ਪਤਨੀ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਉਹ ਆਪਣੇ ਪਤੀ ਨੂੰ ਬਚਾ ਨਾ ਸਕੀ। ਹੱਤਿਆ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਘਰ ਵਿੱਚੋਂ ਖੂਨ ਦੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ।

ਮ੍ਰਿਤਕ ਦੀ ਪਛਾਣ 26 ਸਾਲਾ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਆਰੋਪੀ ਪਿਤਾ ਮਲਕੀਤ ਸਿੰਘ ਅਤੇ ਉਸ ਦੀ ਦੂਜੀ ਪਤਨੀ ਮਨਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਦੋਵੇਂ ਮਤਰੇਏ ਭਰਾ ਜਸ਼ਨਦੀਪ ਸਿੰਘ ਅਤੇ ਗਗਨਦੀਪ ਸਿੰਘ ਫਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਮਕਾਨ ਨੂੰ ਲੈ ਕੇ ਹੋਇਆ ਸੀ ਝਗੜਾ

ਮ੍ਰਿਤਕ ਦੀ ਪਤਨੀ ਕਿਰਨਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਐਤਵਾਰ ਰਾਤ ਮਕਾਨ ਦੀ ਵੰਡ ਨੂੰ ਲੈ ਕੇ ਪਰਿਵਾਰ ਵਿੱਚ ਝਗੜਾ ਹੋ ਗਿਆ ਸੀ। ਇਸ ਦੌਰਾਨ ਉਸਦੇ ਸਹੁਰੇ, ਮਤਰੇਈ ਸੱਸ ਅਤੇ ਦੋਵੇਂ ਦੇਵਰਾਂ ਨੇ ਆਕਾਸ਼ਦੀਪ ‘ਤੇ ਦਾਤਰ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।

ਉਸ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਤੀ ਨੂੰ ਬਚਾਉਣ ਲਈ ਵਿਚਕਾਰ ਆਈ ਤਾਂ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਤਾਲਾ ਲਾ ਦਿੱਤਾ ਗਿਆ। ਕਿਰਨਦੀਪ ਦਾ ਦਾਅਵਾ ਹੈ ਕਿ ਉਹ ਪੂਰੀ ਰਾਤ ਕਮਰੇ ਵਿੱਚ ਕੈਦ ਰਹੀ ਅਤੇ ਆਪਣੇ ਪਤੀ ਦੀਆਂ ਚੀਖਾਂ ਸੁਣਦੀ ਰਹੀ।

ਘਰ ਵਿੱਚ ਖੂਨ ਦੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼

ਕਿਰਨਦੀਪ ਮੁਤਾਬਕ ਦੇਰ ਰਾਤ ਅਚਾਨਕ ਚੀਖਾਂ ਦੀਆਂ ਆਵਾਜ਼ਾਂ ਬੰਦ ਹੋ ਗਈਆਂ। ਮੁਲਜ਼ਮਾਂ ਨੇ ਉਸਨੂੰ ਦੱਸਿਆ ਕਿ ਆਕਾਸ਼ਦੀਪ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਤੋਂ ਬਾਅਦ ਉਸਦੀ ਸੱਸ ਉਸਨੂੰ ਉਸਦੇ ਮਾਮੇ ਦੇ ਘਰ ਛੱਡ ਆਈ।

ਸੋਮਵਾਰ ਸਵੇਰੇ ਜਦੋਂ ਉਹ ਘਰ ਪਰਤੀ ਤਾਂ ਘਰ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਈ। ਘਰ ਦੀਆਂ ਦੀਵਾਰਾਂ, ਫਰਸ਼ ਅਤੇ ਛੱਤ ‘ਤੇ ਖੂਨ ਦੇ ਛਿਟੇ ਸਨ। ਦੋਸ਼ ਹੈ ਕਿ ਮੁਲਜ਼ਮ ਦੀਵਾਰਾਂ ‘ਤੇ ਸੀਮੈਂਟ ਅਤੇ ਪੇਂਟ ਕਰਕੇ ਅਤੇ ਫਰਸ਼ ਧੋ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਪਿੰਡ ਵਾਸੀਆਂ ਵੱਲੋਂ ਦਿੱਤੀ ਸੂਚਨਾ ਦੇ ਆਧਾਰ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ।

ਲਾਸ਼ ਨਹਿਰ ਵਿੱਚ ਸੁੱਟਣ ਦਾ ਦੋਸ਼

ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਮੰਨਿਆ ਕਿ ਹੱਤਿਆ ਤੋਂ ਬਾਅਦ ਉਹ ਆਕਾਸ਼ਦੀਪ ਦੀ ਲਾਸ਼ ਨੂੰ ਪਿੰਡ ਭੋਮਾ ਨੇੜੇ ਨਹਿਰ ਵਿੱਚ ਸੁੱਟ ਆਏ ਸਨ। ਪੁਲਿਸ ਅਤੇ ਗੋਤਾਖੋਰਾਂ ਦੀਆਂ ਟੀਮਾਂ ਨਹਿਰ ਵਿੱਚ ਲਾਸ਼ ਦੀ ਭਾਲ ਕਰ ਰਹੀਆਂ ਹਨ।

ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਆਇਆ ਸੀ ਘਰ

ਡੀਐਸਪੀ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ 3 ਜੁਲਾਈ ਨੂੰ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਘਰ ਪਰਤਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਤਲ, ਸਬੂਤ ਮਿਟਾਉਣ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read Latest News and Breaking News at Daily Post TV, Browse for more News

Ad
Ad