2500 ਕਿਲੋਮੀਟਰ ਦੂਰ ਵਿਸ਼ਾਖਾਪਟਨਮ ਤੋਂ ਲਾਪਤਾ 15 ਸਾਲਾ ਬੱਚਾ ਅੰਮ੍ਰਿਤਸਰ ‘ਚ ਮਿਲਿਆ
Boy missing from Visakhapatnam found in Amritsar: ਅੰਮ੍ਰਿਤਸਰ: ਸਕੂਲ ਵਿੱਚ ਡਾਂਟ ਪੈਣ ਦੇ ਡਰੋਂ ਘਰੋਂ ਨਿਕਲਿਆ 15 ਸਾਲਾ ਬੱਚਾ ਰੇਲ ਰਾਹੀਂ ਅੰਮ੍ਰਿਤਸਰ ਪਹੁੰਚ ਗਿਆ। ਤਿੰਨ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਰੇਲਵੇ ਚਾਈਲਡ ਹੈਲਪ ਡੈਸਕ, ਬਾਲ ਸੁਰੱਖਿਆ ਵਿਭਾਗ ਅਤੇ ਬਾਲ ਕਲਿਆਣ ਸਮਿਤੀ ਦੀ ਮਦਦ ਨਾਲ ਬੱਚੇ ਨੂੰ ਉਸ ਦੇ ਮਾਪਿਆਂ ਨਾਲ ਮਿਲਵਾ ਦਿੱਤਾ ਗਿਆ। ਬੱਚਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦਾ ਰਹਿਣ ਵਾਲਾ ਹੈ ਅਤੇ ਲਗਭਗ 2500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੰਮ੍ਰਿਤਸਰ ਪਹੁੰਚਿਆ। 6 ਅਗਸਤ ਨੂੰ ਰੇਲਵੇ ਪੁਲਿਸ ਨੇ ਉਸ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਲੱਭਿਆ। ਕਾਊਂਸਲਿੰਗ ਦੌਰਾਨ ਸਾਹਮਣੇ ਆਇਆ ਕਿ ਬੱਚਾ ਸਿਰਫ਼ ਤੇਲਗੂ ਭਾਸ਼ਾ ਬੋਲਦਾ ਸੀ, ਜਿਸ ਕਾਰਨ ਉਸ ਦੇ ਪਰਿਵਾਰ ਅਤੇ ਪਤੇ ਬਾਰੇ ਜਾਣਕਾਰੀ ਹਾਸਲ ਕਰਨਾ ਚੁਣੌਤੀ ਬਣਿਆ।
ਬੱਚੇ ਨੂੰ ਸੁਰੱਖਿਆ ਲਈ ਚਿਲਡਰਨ ਹੋਮ ਫਾਰ ਬੁਆਇਜ਼ ਭੇਜਿਆ ਗਿਆ ਅਤੇ ਵਿਸ਼ਾਖਾਪਟਨਮ ਪੁਲਿਸ, ਪ੍ਰਸ਼ਾਸਨ ਤੇ ਬਾਲ ਕਲਿਆਣ ਕਮੇਟੀ ਨਾਲ ਸੰਪਰਕ ਕੀਤਾ ਗਿਆ। ਲਗਾਤਾਰ ਤਾਲਮੇਲ ਤੋਂ ਬਾਅਦ ਪਰਿਵਾਰ ਦਾ ਪਤਾ ਲੱਗਾ ਅਤੇ ਐਤਵਾਰ ਨੂੰ ਮਾਪੇ ਅੰਮ੍ਰਿਤਸਰ ਪਹੁੰਚੇ। ਲੋੜੀਂਦੀ ਦਸਤਾਵੇਜ਼ੀ ਕਾਰਵਾਈ ਤੋਂ ਬਾਅਦ ਬੱਚੇ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।
ਲੈਪਟਾਪ ਟੁੱਟਣ ‘ਤੇ ਡਾਂਟ ਪੈਣ ਦੇ ਡਰੋਂ ਛੱਡਿਆ ਘਰ
ਪਰਿਵਾਰ ਮੁਤਾਬਕ ਸਕੂਲ ਵਿੱਚ ਬੱਚੇ ਦੇ ਹੱਥੋਂ ਲੈਪਟਾਪ ਜਾਂ ਟੈਬਲੇਟ ਡਿੱਗ ਕੇ ਟੁੱਟ ਗਿਆ ਸੀ। ਇਸ ਤੋਂ ਬਾਅਦ ਅਧਿਆਪਕ ਵੱਲੋਂ ਉਸ ਨੂੰ ਡਾਂਟਿਆ ਗਿਆ ਅਤੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਕਹੀ ਗਈ। ਇਸ ਤੋਂ ਡਰ ਕੇ ਬੱਚਾ ਘਰ ਆਇਆ, ਸਕੂਲ ਦੀ ਵਰਦੀ ਬਦਲੀ ਅਤੇ ਪਰਿਵਾਰ ਨੂੰ ਬਿਨਾਂ ਦੱਸੇ ਘਰੋਂ ਨਿਕਲ ਗਿਆ। ਬਾਅਦ ਵਿੱਚ ਪਰਿਵਾਰ ਨੇ ਵਿਸ਼ਾਖਾਪਟਨਮ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।
