ਲਾੜੀ ਨੇ ਲਾੜੇ ਨੂੰ ਦੇਖ ਕੇ ਵਿਆਹ ਤੋਂ ਠੀਕ ਪਹਿਲਾਂ ਕੀਤਾ ਇਨਕਾਰ, ਬੇਰੰਗ ਮੁੜੀ ਬਾਰਾਤ
Bride refused to marry groom: ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਦੇ ਗੁਰੂਹਰਸਹਾਇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਸਮੇਂ ਲਾੜੀ ਨੇ ਲਾੜੇ ਦਾ ਚਿਹਰਾ ਦੇਖਣ ਤੋਂ ਬਾਅਦ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰਾਜਸਥਾਨ ਤੋਂ ਆਈ ਬਾਰਾਤ ਨੂੰ ਬਿਨਾਂ ਲਾੜੀ ਨੂੰ ਵਿਆਹੇ ਹੀ ਵਾਪਸ ਪਰਤ ਗਈ। ਇਹ ਘਟਨਾ ਗੁਰੂਹਰਸਹਾਇ ਦੇ ਪਿੰਡ ਟੀਟੂ ਖੇੜਾ ਦੀ ਦੱਸੀ ਜਾ ਰਹੀ ਹੈ। ਲਾੜੀ ਦਾ ਦੋਸ਼ ਹੈ ਕਿ ਵਿਆਹ ਲਈ ਉਸ ਨੂੰ ਕਿਸੇ ਹੋਰ ਲੜਕੇ ਦੀ ਤਸਵੀਰ ਦਿਖਾਈ ਗਈ ਸੀ, ਪਰ ਵਿਆਹ ਵਾਲੇ ਦਿਨ ਮੰਡਪ ਵਿੱਚ ਕਿਸੇ ਹੋਰ ਨੌਜਵਾਨ ਨੂੰ ਲਾੜਾ ਬਣਾਕੇ ਲਿਆਂਦਾ ਗਿਆ।
ਲਾੜੀ ਨੇ ਕਿਹਾ ਕਿ ਉਸ ਨੂੰ ਵਿਆਹ ਲਈ ਜੋ ਲੜਕਾ ਦਿਖਾਇਆ ਗਿਆ ਸੀ, ਉਹ ਕੋਈ ਹੋਰ ਸੀ, ਜਦਕਿ ਬਾਰਾਤ ਨਾਲ ਆਇਆ ਨੌਜਵਾਨ ਉਸ ਨੂੰ ਪਸੰਦ ਨਹੀਂ ਹੈ। ਉਸ ਨੇ ਕਿਹਾ, “ਇਹ ਮੇਰੀ ਜ਼ਿੰਦਗੀ ਦਾ ਸਵਾਲ ਹੈ, ਮੈਂ ਸਾਰੀ ਜ਼ਿੰਦਗੀ ਕੱਢਣੀ ਹੈ, ਇਸ ਲਈ ਮੈਂ ਇਸ ਮੁੰਡੇ ਨਾਲ ਵਿਆਹ ਨਹੀਂ ਕਰਵਾ ਸਕਦੀ।”
ਉੱਧਰ, ਰਾਜਸਥਾਨ ਦੇ ਛਤਰਗੜ੍ਹ ਤੋਂ ਆਏ ਦੂਲ੍ਹੇ ਸੇਮਸੰਗ ਅਤੇ ਉਸ ਦੇ ਪਰਿਵਾਰ ਨੇ ਲਾੜੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰਿਸ਼ਤਾ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਤੈਅ ਹੋਇਆ ਸੀ ਅਤੇ ਵਿਆਹ ਤੋਂ ਪਹਿਲਾਂ ਮੋਬਾਈਲ ਫੋਨ ’ਤੇ ਵੀ ਗੱਲਬਾਤ ਹੁੰਦੀ ਰਹੀ ਸੀ। ਲਾੜੇ ਦੇ ਨਾਨਾ ਮਹਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਅਤੇ ਵਿਚੋਲਿਆਂ ਵੱਲੋਂ ਹੀ ਤਸਵੀਰਾਂ ਦਿੱਤੀਆਂ ਗਈਆਂ ਸਨ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਧੋਖਾਧੜੀ ਨਹੀਂ ਕੀਤੀ ਗਈ।
ਮਾਮਲਾ ਹੁਣ ਪੁਲਿਸ ਕੋਲ ਪਹੁੰਚ ਗਿਆ ਹੈ। ਦੋਵੇਂ ਧਿਰਾਂ ਵੱਲੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਆਹ ਵਾਲੇ ਦਿਨ ਵਾਪਰੀ ਇਸ ਘਟਨਾ ਦੀ ਇਲਾਕੇ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ। ਫਿਲਹਾਲ ਪੁਲਿਸ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਲਾੜੀ ਨੂੰ ਦਿਖਾਈ ਗਈ ਤਸਵੀਰ ਅਤੇ ਬਾਰਾਤ ਲੈ ਕੇ ਆਏ ਲਾੜੇ ਸਬੰਧੀ ਅਸਲ ਤੱਥ ਕੀ ਹਨ।
