ਕੈਨੇਡਾ ‘ਚ ਸਰੀ ਦੀ ਸਿੱਖ ਕਮਿਊਨਿਟੀ ਨੇ ਸਮਰਲੈਂਡ ਜੰਗਲਾਂ ਦੀ ਅੱਗ ਤੋਂ ਪ੍ਰਭਾਵਿਤ ਲੋਕਾਂ ਲਈ ਇਕੱਠੇ ਕੀਤੇ 28 ਹਜ਼ਾਰ ਡਾਲਰ
Canada Summerland wildfires: ਸਰੀ (ਕੈਨੇਡਾ): ਬ੍ਰਿਟਿਸ਼ ਕੋਲੰਬੀਆ ਦੇ ਸਮਰਲੈਂਡ ਨੇੜੇ ਲੱਗੀ ਬਾਲਡ ਰੇਂਜ ਜੰਗਲੀ ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਰੀ ਦੀ ਸਿੱਖ ਕੌਮ ਵੱਲੋਂ ਵੱਡੀ ਪਹਿਲ ਕੀਤੀ ਗਈ ਹੈ। ਵੱਖ-ਵੱਖ ਸੰਸਥਾਵਾਂ, ਗੁਰਦੁਆਰਿਆਂ ਅਤੇ ਸਾਊਥ ਏਸ਼ੀਅਨ ਮੀਡੀਆ ਸੰਸਥਾਵਾਂ ਨੇ ਮਿਲ ਕੇ ਦੋ ਦਿਨਾਂ ਵਿੱਚ ਕਰੀਬ 50 ਹਜ਼ਾਰ ਕੈਨੇਡੀਅਨ ਡਾਲਰ ਦੀਆਂ ਜ਼ਰੂਰੀ ਵਸਤਾਂ ਅਤੇ 28 ਹਜ਼ਾਰ ਡਾਲਰ ਦੀ ਨਕਦ ਰਕਮ ਇਕੱਠੀ ਕੀਤੀ।
ਗੁਰੂ ਨਾਨਕ ਫੂਡ ਬੈਂਕ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਨਰਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਪਿਛਲੇ 48 ਘੰਟਿਆਂ ਦੌਰਾਨ ਲੋਕਾਂ ਨੇ ਕਰੀਬ 20 ਹਜ਼ਾਰ ਡਾਲਰ ਦੀਆਂ ਜ਼ਰੂਰੀ ਵਸਤਾਂ ਦਾਨ ਕੀਤੀਆਂ, ਜਦਕਿ 28 ਹਜ਼ਾਰ ਡਾਲਰ ਨਕਦ ਵੀ ਇਕੱਠੇ ਹੋਏ। ਇਕੱਠੀ ਕੀਤੀ ਗਈ ਰਕਮ ਨਾਲ Costco ਤੋਂ ਜ਼ਰੂਰੀ ਸਮਾਨ ਦੀਆਂ 14 ਸਕਿਡਾਂ ਖਰੀਦੀਆਂ ਗਈਆਂ ਹਨ।
ਸਮਾਨ ਪੈਂਟਿਕਟਨ ਦੇ ਗੁਰਦੁਆਰਾ ਸਾਹਿਬ ਪਹੁੰਚਾਇਆ ਜਾਵੇਗਾ
ਸਾਰਾ ਦਾਨ ਬੁੱਧਵਾਰ ਸਵੇਰੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, 15255 68 Ave., ਸਰੀ ਵਿਖੇ ਇਕੱਠਾ ਕੀਤਾ ਗਿਆ। ਇਸ ਤੋਂ ਬਾਅਦ ਸਮਾਨ ਨੂੰ ਟ੍ਰੇਲਰ ਵਿੱਚ ਲੋਡ ਕੀਤਾ ਗਿਆ ਅਤੇ ਸੈਮੀ-ਟਰੱਕ ਸਰੀ ਤੋਂ ਰਵਾਨਾ ਹੋ ਗਿਆ। ਇਹ ਸਾਰਾ ਸਮਾਨ ਪੈਂਟਿਕਟਨ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ ਜਾਵੇਗਾ, ਜਿੱਥੋਂ ਇਸ ਨੂੰ ਜੰਗਲਾਂ ਦੀ ਅੱਗ ਤੋਂ ਪ੍ਰਭਾਵਿਤ ਲੋਕਾਂ ਵਿੱਚ ਵੰਡਿਆ ਜਾਵੇਗਾ। ਨਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਮੁਸੀਬਤ ਦੇ ਸਮੇਂ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹਨਾ ਕੌਮ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਵਾਲੇ ਲੋਕਾਂ ਅਤੇ ਸਮੁੱਚੀ ਕਮਿਊਨਿਟੀ ਦਾ ਧੰਨਵਾਦ ਕੀਤਾ। ਇਸ ਮੁਹਿੰਮ ਵਿੱਚ ਗੁਰੂ ਨਾਨਕ ਫੂਡ ਬੈਂਕ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਸਾਂਝੇ TV, Red FM, Connect FM ਅਤੇ Swift Radio ਵੱਲੋਂ ਸਹਿਯੋਗ ਦਿੱਤਾ ਗਿਆ।
22,693 ਹੈਕਟੇਅਰ ਖੇਤਰ ਵਿੱਚ ਫੈਲੀ ਅੱਗ
ਬਾਲਡ ਰੇਂਜ ਜੰਗਲੀ ਅੱਗ 7 ਅਗਸਤ ਨੂੰ ਸਮਰਲੈਂਡ ਤੋਂ ਕਰੀਬ 15 ਕਿਲੋਮੀਟਰ ਪੱਛਮ ਵੱਲ ਸ਼ੁਰੂ ਹੋਈ ਸੀ। 19 ਅਗਸਤ ਤੱਕ ਇਹ ਅੱਗ 22,693 ਹੈਕਟੇਅਰ ਖੇਤਰ ਵਿੱਚ ਫੈਲ ਚੁੱਕੀ ਸੀ ਅਤੇ ਅਜੇ ਵੀ ਬੇਕਾਬੂ ਦੱਸੀ ਜਾ ਰਹੀ ਹੈ। ਅੱਗ ਦੇ ਮੱਦੇਨਜ਼ਰ ਇਲਾਕੇ ਵਿੱਚ 14 ਇਵੈਕੂਏਸ਼ਨ ਅਲਰਟ ਅਤੇ 8 ਇਵੈਕੂਏਸ਼ਨ ਆਰਡਰ ਲਾਗੂ ਹਨ।
