IndiGo flight crisis ਤੇ ਕੇਂਦਰ ਸਰਕਾਰ ਦੀ ਸਖ਼ਤ ਕਾਰਵਾਈ, ਜਾਂਚ ਦੇ ਹੁਕਮ — ਡੀਜੀਸੀਏ ਨੇ 15 ਦਿਨਾਂ ਵਿੱਚ ਮੰਗੀ ਰਿਪੋਰਟ
IndiGo flight crisis: ਇੰਡੀਗੋ ਏਅਰਲਾਈਨ ਦੀਆਂ ਲਗਾਤਾਰ ਰੱਦ ਹੋ ਰਹੀਆਂ ਅਤੇ ਦੇਰੀ ਨਾਲ ਚੱਲ ਰਹੀਆਂ ਉਡਾਣਾਂ ਨੇ ਯਾਤਰੀਆਂ ਦੀ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ। ਹਜ਼ਾਰਾਂ ਯਾਤਰੀਆਂ ਨੂੰ ਪ੍ਰਭਾਵਿਤ ਕਰ ਰਹੀ ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਤੁਰੰਤ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਦਾਅਵਾ ਕੀਤਾ ਹੈ ਕਿ ਤਿੰਨ ਦਿਨਾਂ ਵਿੱਚ ਇੰਡੀਗੋ ਦਾ ਸੰਚਾਲਨ ਨਾਰਮਲ ਹੋ ਜਾਵੇਗਾ।
ਉਧਰ, ਹਵਾਬਾਜ਼ੀ ਨਿਗਰਾਨ ਸੰਸਥਾ ਡੀਜੀਸੀਏ ਨੇ ਇਸ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਤਿਆਰ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਸਿਸਟਮ ਅਤੇ ਸ਼ਡਿਊਲ ਨੂੰ ਦੁਬਾਰਾ ਸੈੱਟ ਕਰਨ ਦੀ ਲੋੜ ਕਾਰਨ ਸ਼ਨੀਵਾਰ ਨੂੰ ਲਗਭਗ 1000 ਉਡਾਣਾਂ ਰੱਦ ਕਰਨੀ ਪਈਆਂ। ਉਨ੍ਹਾਂ ਯਾਤਰੀਆਂ ਤੋਂ ਮਾਫ਼ੀ ਵੀ ਮੰਗੀ।
ਹਾਲਾਂਕਿ ਡੀਜੀਸੀਏ ਵੱਲੋਂ ਰਾਤਰੀ ਡਿਊਟੀ ਸਬੰਧੀ ਨਰਮੀ ਦੇ ਨਿਯਮਾਂ ਨੇ ਏਅਰਲਾਈਨ ਨੂੰ ਰਾਹਤ ਦਿੱਤੀ ਹੈ, ਪਰ ਪਾਇਲਟ ਐਸੋਸੀਏਸ਼ਨਾਂ ਨੇ ਇਸ ‘ਚੋਣਵੀਂ ਛੂਟ’ ਨੂੰ ਅਸੁਰੱਖਿਅਤ ਦੱਸਦੇ ਹੋਏ ਵਿਰੋਧ ਜਤਾਇਆ ਹੈ। ਇਸ ਸਭ ਦੌਰਾਨ ਦਿੱਲੀ ਹਵਾਈ ਅੱਡੇ ’ਤੇ ਰਾਤ ਨੂੰ ਇੰਡੀਗੋ ਦੀ ਕੋਈ ਉਡਾਣ ਟੇਕ ਆਫ਼ ਨਹੀਂ ਕਰ ਸਕੀ, ਜਦਕਿ ਹੋਰ ਏਅਰਲਾਈਨਾਂ ਦਾ ਸੰਚਾਲਨ ਸੁਚਾਰੂ ਰਿਹਾ। ਬੰਗਲੂਰੂ ਅਤੇ ਜੰਮੂ-ਕਸ਼ਮੀਰ ਦੇ ਹਵਾਈ ਅੱਡਿਆਂ ’ਤੇ ਵੀ ਕਈ ਇੰਡੀਗੋ ਉਡਾਣਾਂ ਰੱਦ ਕੀਤੀਆਂ ਗਈਆਂ।
ਰੇਲਵੇ ਦਾ ਹਸਤਖੇਪ — ਯਾਤਰੀਆਂ ਲਈ 116 ਵਾਧੂ ਕੋਚ
ਇੰਡੀਗੋ ਦੇ ਸੰਕਟ ਕਾਰਨ ਵਧੇ ਦਬਾਅ ਨੂੰ ਸਮਝਦਿਆਂ ਉੱਤਰੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਵੱਖ-ਵੱਖ ਟ੍ਰੇਨਾਂ ਵਿੱਚ 116 ਕੋਚ ਵਧਾ ਦਿੱਤੇ ਹਨ। ਜੰਮੂ ਰਾਜਧਾਨੀ ਅਤੇ ਡਿਬਰੂਗੜ੍ਹ ਰਾਜਧਾਨੀ ਵਿੱਚ ਤਿੰਨ-ਤਿੰਨ ਏਸੀ ਕੋਚ, ਜਦਕਿ ਚੰਡੀਗੜ੍ਹ ਅਤੇ ਅੰਮ੍ਰਿਤਸਰ ਸ਼ਤਾਬਦੀ ਵਿੱਚ ਇੱਕ-ਇੱਕ ਏਸੀ ਚੇਅਰਕਾਰ ਜੋੜਿਆ ਗਿਆ ਹੈ। ਇਹ ਪ੍ਰਬੰਧ ਸਥਿਤੀ ਸੁਧਰਨ ਤਕ ਜਾਰੀ ਰਹਿਣਗੇ।
ਰਾਜਨੀਤਿਕ ਪ੍ਰਤੀਕ੍ਰਿਆ — ਰਾਹੁਲ ਗਾਂਧੀ ਦਾ ਸਰਕਾਰ ’ਤੇ ਨਿਸ਼ਾਨਾ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇੰਡੀਗੋ ਦੀ ਗੜਬੜ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਇਹ ਸੰਕਟ ‘ਅਜਾਰੇਦਾਰੀ ਮਾਡਲ’ ਦਾ ਨਤੀਜਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਰੇ ਖੇਤਰਾਂ ਵਿੱਚ ਖੁੱਲ੍ਹੀ ਮੁਕਾਬਲੇਬਾਜ਼ੀ ਦੀ ਥਾਂ ਜਦੋਂ ਇਕੱਠ ਵਧਦਾ ਹੈ ਤਾਂ ਇਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ, ਜਿਸ ਦਾ ਮੁਲ੍ਹ ਯਾਤਰੀਆਂ ਨੂੰ ਚੁਕਾਉਣਾ ਪੈਂਦਾ ਹੈ।
ਹਵਾਈ ਕਿਰਾਏ ਆਸਮਾਨ ਛੂਹਣ ਲੱਗੇ
ਇੰਡੀਗੋ ਦੀਆਂ ਸੈਂਕੜਿਆਂ ਉਡਾਣਾਂ ਰੱਦ ਹੋਣ ਕਾਰਨ ਫਲਾਈਟਾਂ ਦੀ ਘਾਟ ਬਣ ਗਈ ਹੈ, ਜਿਸ ਨਾਲ ਕਿਰਾਏ ਰਿਕਾਰਡ ਉੱਚਾਈ ’ਤੇ ਪਹੁੰਚ ਗਏ ਹਨ। ਸਪਾਈਸਜੈੱਟ ਦੀ 6 ਦਸੰਬਰ ਦੀ ਕੋਲਕਾਤਾ–ਮੁੰਬਈ ਉਡਾਣ ਦਾ ਕਿਰਾਇਆ 90,000 ਰੁਪਏ ਤਕ ਪਹੁੰਚ ਗਿਆ, ਜਦਕਿ ਏਅਰ ਇੰਡੀਆ ਦੀ ਮੁੰਬਈ–ਭੁਬਨੇਸ਼ਵਰ ਫਲਾਈਟ 84,485 ਰੁਪਏ ’ਤੇ ਵੇਚੀ ਜਾ ਰਹੀ ਹੈ। ਦਿੱਲੀ–ਮੁੰਬਈ ਰੂਟ ’ਤੇ ਕਿਰਾਇਆ 60,000 ਰੁਪਏ ਤਕ ਚੜ੍ਹ ਗਿਆ ਹੈ, ਜੋ ਆਮ ਤੌਰ ’ਤੇ 20,000 ਰੁਪਏ ਹੁੰਦਾ ਹੈ।