ਦੁਨੀਆ ’ਚ ਚਮਕਿਆ ਚੰਡੀਗੜ੍ਹ ਦਾ PGI, 5 ਮੈਡੀਕਲ ਖੇਤਰਾਂ ’ਚ ਗੂੰਜਿਆ ਨਾਂ
PGI Chandigarh Ranking 2027; ਪੀਜੀਆਈ ਚੰਡੀਗੜ੍ਹ ਨੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀਆਂ ਮੈਡੀਕਲ ਸੇਵਾਵਾਂ ਦੀ ਪਛਾਣ ਹੋਰ ਮਜ਼ਬੂਤ ਕੀਤੀ ਹੈ। ਸੰਸਥਾ ਨੂੰ ਨਿਊਜ਼ਵੀਕ ਦੀ World’s Best Specialized Hospitals 2027 ਸੂਚੀ ਵਿੱਚ ਪੰਜ ਮੈਡੀਕਲ ਵਿਸ਼ੇਸ਼ਤਾਵਾਂ ਲਈ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕਾਰਡੀਓਲੋਜੀ (ਦਿਲ ਦੇ ਰੋਗ), ਐਂਡੋਕ੍ਰਾਈਨੋਲੋਜੀ (ਹਾਰਮੋਨ ਸਬੰਧੀ ਬਿਮਾਰੀਆਂ), ਓਨਕੋਲੋਜੀ (ਕੈਂਸਰ), ਪੀਡੀਆਟ੍ਰਿਕਸ (ਬਾਲ ਰੋਗ) ਅਤੇ ਪਲਮੋਨੋਲੋਜੀ (ਫੇਫੜਿਆਂ ਦੇ ਰੋਗ) ਸ਼ਾਮਲ ਹਨ।
ਇਹ ਸੂਚੀ ਨਿਊਜ਼ਵੀਕ ਵੱਲੋਂ ਗਲੋਬਲ ਡਾਟਾ ਵਿਸ਼ਲੇਸ਼ਣ ਕੰਪਨੀ ਸਟੈਟਿਸਟਾ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਇਸ ਪ੍ਰਾਪਤੀ ਨੂੰ ਪੀਜੀਆਈ ਵਿੱਚ ਮਾਹਿਰ ਡਾਕਟਰੀ ਸੇਵਾਵਾਂ, ਮਰੀਜ਼ਾਂ ਦੀ ਦੇਖਭਾਲ, ਮੈਡੀਕਲ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਹੋ ਰਹੇ ਕੰਮਾਂ ਦੀ ਅੰਤਰਰਾਸ਼ਟਰੀ ਪਛਾਣ ਵਜੋਂ ਦੇਖਿਆ ਜਾ ਰਿਹਾ ਹੈ। ਸੰਸਥਾ ਵਿੱਚ ਦੇਸ਼ ਭਰ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਗੰਭੀਰ ਅਤੇ ਗੁੰਝਲਦਾਰ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਮਿਲਦੀ ਹੈ।
ਟੀਮਵਰਕ ਅਤੇ ਬਿਹਤਰ ਇਲਾਜ ’ਤੇ ਜ਼ੋਰ
ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਮਿਲੀ ਇਹ ਪਛਾਣ ਸੰਸਥਾ ਲਈ ਮਾਣ ਵਾਲੀ ਗੱਲ ਹੈ। ਇਹ ਉੱਚ ਪੱਧਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਪੀਜੀਆਈ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਇਸ ਦਾ ਸਿਹਰਾ ਫੈਕਲਟੀ ਮੈਂਬਰਾਂ, ਰੈਜ਼ੀਡੈਂਟ ਡਾਕਟਰਾਂ, ਨਰਸਿੰਗ ਸਟਾਫ਼, ਤਕਨੀਕੀ ਟੀਮਾਂ ਅਤੇ ਹੋਰ ਕਰਮਚਾਰੀਆਂ ਦੇ ਸਾਂਝੇ ਯਤਨਾਂ ਨੂੰ ਦਿੱਤਾ।
ਪ੍ਰੋ. ਲਾਲ ਮੁਤਾਬਕ, ਬਿਹਤਰ ਸਿਹਤ ਸੇਵਾਵਾਂ ਲਈ ਮਿਆਰੀ ਇਲਾਜ ਦੇ ਨਾਲ-ਨਾਲ ਨਵੀਂ ਤਕਨੀਕ, ਖੋਜ, ਮਰੀਜ਼ਾਂ ਦੀ ਇਲਾਜ ਤੱਕ ਪਹੁੰਚ ਅਤੇ ਸੰਵੇਦਨਸ਼ੀਲ ਦੇਖਭਾਲ ਵੀ ਜ਼ਰੂਰੀ ਹੈ। ਇਹ ਪ੍ਰਾਪਤੀ ਸੰਸਥਾ ਨੂੰ ਮੈਡੀਕਲ ਸੇਵਾਵਾਂ ਅਤੇ ਸਿੱਖਿਆ ਦੇ ਪੱਧਰ ਵਿੱਚ ਹੋਰ ਸੁਧਾਰ ਕਰਨ ਲਈ ਪ੍ਰੇਰਿਤ ਕਰੇਗੀ।
ਮਰੀਜ਼ਾਂ ਦੇ ਤਜਰਬਿਆਂ ਨੂੰ ਵੀ ਦਿੱਤੀ ਗਈ ਅਹਿਮੀਅਤ
ਨਿਊਜ਼ਵੀਕ ਅਤੇ ਸਟੈਟਿਸਟਾ ਦੀ ਰੈਂਕਿੰਗ ਦੇ ਸੱਤਵੇਂ ਐਡੀਸ਼ਨ ਵਿੱਚ ਹਸਪਤਾਲਾਂ ਦਾ ਮੁਲਾਂਕਣ ਉਨ੍ਹਾਂ ਦੀ ਸਾਖ, ਮਾਨਤਾ ਅਤੇ ਇਲਾਜ ਦੇ ਨਤੀਜਿਆਂ ਨਾਲ ਜੁੜੇ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਕੀਤਾ ਗਿਆ ਹੈ।
ਇਸ ਵਿੱਚ ਪੇਸ਼ੈਂਟ-ਰਿਪੋਰਟਿਡ ਆਊਟਕਮ ਮੀਜ਼ਰਜ਼ (PROMs) ਨੂੰ ਵੀ ਮਹੱਤਵ ਦਿੱਤਾ ਗਿਆ ਹੈ। ਇਸ ਪ੍ਰਣਾਲੀ ਰਾਹੀਂ ਮਰੀਜ਼ਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਇਹ ਸਮਝਿਆ ਜਾਂਦਾ ਹੈ ਕਿ ਇਲਾਜ ਨਾਲ ਉਨ੍ਹਾਂ ਦੀ ਸਿਹਤ ਅਤੇ ਜੀਵਨ ਦੀ ਗੁਣਵੱਤਾ ’ਤੇ ਕੀ ਅਸਰ ਪਿਆ ਹੈ।
1962 ਵਿੱਚ ਹੋਈ ਸੀ ਪੀਜੀਆਈ ਦੀ ਸਥਾਪਨਾ
ਸਾਲ 1962 ਵਿੱਚ ਸਥਾਪਿਤ ਪੀਜੀਆਈ ਚੰਡੀਗੜ੍ਹ ਦੇਸ਼ ਦੇ ਪ੍ਰਮੁੱਖ ਮੈਡੀਕਲ ਸਿੱਖਿਆ, ਖੋਜ ਅਤੇ ਉੱਚ ਪੱਧਰੀ ਸਿਹਤ ਸੇਵਾਵਾਂ ਦੇ ਸੰਸਥਾਨਾਂ ਵਿੱਚੋਂ ਇੱਕ ਹੈ। ਇੱਥੇ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਡਾਕਟਰਾਂ ਨੂੰ ਸਿਖਲਾਈ ਦੇਣ ਅਤੇ ਇਲਾਜ ਦੀਆਂ ਨਵੀਆਂ ਵਿਧੀਆਂ ’ਤੇ ਖੋਜ ਕਰਨ ਦਾ ਕੰਮ ਵੀ ਕੀਤਾ ਜਾਂਦਾ ਹੈ।