ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਾਟੋ-ਕਲੇਸ਼ ਵਧਿਆ, ਇਸ ਵਾਰ ਚਰਨਜੀਤ ਚੰਨੀ ਦੇ ਲੱਗੇ ਵਿਵਾਦਤ ਪੋਸਟਰ
Charanjit Channi controversial posters: ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਅੰਦਰੂਨੀ ਮਤਭੇਦ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਜਿੱਥੇ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕ ਵੱਖ-ਵੱਖ ਪ੍ਰੋਗਰਾਮਾਂ ਦੌਰਾਨ “ਚੰਨੀ ਨੂੰ ਵਾਪਸ ਲਿਆਓ, ਕਾਂਗਰਸ ਬਚਾਓ” ਦੇ ਨਾਅਰੇ ਲਗਾ ਰਹੇ ਹਨ, ਉੱਥੇ ਹੀ ਫਿਰੋਜ਼ਪੁਰ ਵਿੱਚ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਵਿਵਾਦਿਤ ਪੋਸਟਰ ਲੱਗੇ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੂੰ ਜਨਰਲ ਡਾਇਰ ਵਜੋਂ ਦਰਸਾਉਂਦੇ ਪੋਸਟਰ ਵੀਸ੍ਰੀ ਮੁਕਤਸਰ ਸਾਹਿਬ ‘ਚ ਲਗਾਏ ਗਏ ਸਨ, ਜਿਨ੍ਹਾਂ ਵਿੱਚ “ਬਘੇਲ ਵਾਪਸ ਜਾਓ” ਵਰਗੇ ਨਾਅਰੇ ਲਿਖੇ ਗਏ ਸਨ।
ਪੋਸਟਰਾਂ ਵਿੱਚ ਚੰਨੀ ਨੂੰ ਆਰਐਸਐਸ ਦੀ ਵਰਦੀ ਵਰਗੇ ਪਹਿਰਾਵੇ ਵਿੱਚ ਦਿਖਾਇਆ ਗਿਆ ਹੈ ਅਤੇ ਉਨ੍ਹਾਂ ‘ਤੇ “ਚੰਨੀ ਨੂੰ ਭਜਾਓ, ਕਾਂਗਰਸ ਬਚਾਓ” ਅਤੇ “ਰਾਹੁਲ ਗਾਂਧੀ, ਕਾਂਗਰਸੀ ਵਰਕਰਾਂ ਦੀ ਪੁਕਾਰ ਸੁਣੋ, ਚੰਨੀ ਨੂੰ ਕਾਂਗਰਸ ਵਿੱਚੋਂ ਬਾਹਰ ਕਰੋ” ਵਰਗੇ ਨਾਅਰੇ ਲਿਖੇ ਗਏ ਹਨ। ਹਾਲਾਂਕਿ, ਇਨ੍ਹਾਂ ਪੋਸਟਰਾਂ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ।
ਇਸ ਦੌਰਾਨ, ਸੋਸ਼ਲ ਮੀਡੀਆ ਅਤੇ ਸਿਆਸੀ ਗਲਿਆਰਿਆਂ ਵਿੱਚ ਇਹ ਦਾਅਵੇ ਵੀ ਕੀਤੇ ਜਾ ਰਹੇ ਹਨ ਕਿ ਬਠਿੰਡਾ ਵਿੱਚ ਚੰਨੀ ਦੇ ਹੱਕ ਵਿੱਚ ਨਾਅਰੇ ਲਗਾਉਣ ਵਾਲੇ ਇੱਕ ਵਿਅਕਤੀ ਖ਼ਿਲਾਫ਼ ਪਹਿਲਾਂ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਇਸ ਦਾਅਵੇ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਦੂਜੇ ਪਾਸੇ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੁਕਤਸਰ ਵਿੱਚ ਇੱਕ ਬੂਥ ਪੱਧਰੀ ਸਮਾਗਮ ਦੌਰਾਨ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਪਾਰਟੀ ਦੇ ਕੁਝ ਆਪਣੇ ਲੋਕ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਵੜਿੰਗ ਨੇ ਕਿਹਾ ਕਿ ਉਹ ਕਿਸੇ ਦਬਾਅ ਹੇਠ ਅਸਤੀਫ਼ਾ ਨਹੀਂ ਦੇਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਜਾਰੀ ਰੱਖਣਗੇ।
ਬਠਿੰਡਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਾਜਾ ਵੜਿੰਗ ਨੇ ਚੰਨੀ ਦੇ ਸਮਰਥਕ ਨੂੰ ਮੰਚ ‘ਤੇ ਬੁਲਾ ਕੇ ਉਸ ਤੋਂ “ਚੰਨੀ ਅਤੇ ਕਾਂਗਰਸ ਜ਼ਿੰਦਾਬਾਦ” ਦੇ ਨਾਅਰੇ ਲਗਵਾਏ। ਇਸ ਤੋਂ ਬਾਅਦ ਉਨ੍ਹਾਂ ਸਮਰਥਕ ਨੂੰ ਚੰਨੀ ਨੂੰ ਫ਼ੋਨ ਕਰਨ ਲਈ ਕਿਹਾ ਅਤੇ ਕਾਲ ਨੂੰ ਸਪੀਕਰ ‘ਤੇ ਲਗਾਇਆ, ਪਰ ਚੰਨੀ ਨੇ ਫ਼ੋਨ ਨਹੀਂ ਚੁੱਕਿਆ। ਵੜਿੰਗ ਨੇ ਇਸ ਨੂੰ ਲੈ ਕੇ ਤੰਜ਼ ਵੀ ਕੀਤਾ ਸੀ।ਉਧਰ, ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪਾਰਟੀ ਵਿੱਚ ਕਿਸੇ ਕਿਸਮ ਦੀ ਅੰਦਰੂਨੀ ਫੁੱਟ ਨਹੀਂ ਹੈ ਅਤੇ ਸੰਗਠਨ ਇਕਜੁੱਟ ਹੋ ਕੇ ਕੰਮ ਕਰ ਰਿਹਾ ਹੈ।
