ਦਿੱਲੀ ਵਿੱਚ CJP ਦਾ ਪ੍ਰਦਰਸ਼ਨ: ਦੀਪਕੇ ਸਮੇਤ ਤਿੰਨ ਆਗੂਆਂ ਨੂੰ ਅੱਜ ਮੈਜਿਸਟ੍ਰੇਟ ਸਾਹਮਣੇ ਕੀਤਾ ਜਾਵੇਗਾ ਪੇਸ਼
- ਸ਼ਨੀਵਾਰ ਨੂੰ ਕਰੀਬ 7,000 ਸਮਰਥਕ ਹਿਰਾਸਤ ’ਚ ਲਏ ਗਏ ਸਨ
- ਅੱਜ ਮੈਟਰੋ-ਰੇਲ ਸੇਵਾਵਾਂ ਬੰਦ ਕਰਨ ਦੇ ਮਾਮਲੇ ’ਚ ਸੁਪਰੀਮ ਕੋਰਟ ’ਚ ਸੁਣਵਾਈ
CJP protest in Delhi: Deepak to be produced before magistrate: ਨਵੀਂ ਦਿੱਲੀ: ਕਾਕਰੋਚ ਜਨਤਾ ਪਾਰਟੀ (CJP) ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਜ ਲਗਾਤਾਰ ਦੂਜੇ ਦਿਨ ਦਿੱਲੀ ਦੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਪਾਰਟੀ ਵੱਲੋਂ ਸਵੇਰੇ 10 ਵਜੇ ਮਾਰਚ ਕੱਢਿਆ ਜਾਵੇਗਾ। ਸ਼ਨੀਵਾਰ ਨੂੰ ਪੁਲਿਸ ਨੇ ਹਜ਼ਾਰਾਂ ਸਮਰਥਕਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਸੀ ਅਤੇ ਕਰੀਬ 7,000 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
CJP ਦੇ ਤਿੰਨ ਪ੍ਰਮੁੱਖ ਆਗੂਆਂ ਅਭਿਜੀਤ ਦੀਪਕੇ, ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਕੁਝ ਦੇਰ ਵਿੱਚ ਦਿੱਲੀ ਕੈਂਟ ਥਾਣੇ ਵਿੱਚ ਕਾਰਜਕਾਰੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਦਿੱਲੀ ਪੁਲਿਸ ਮੁਤਾਬਕ, ਤਿੰਨਾਂ ਨੂੰ ਸਾਵਧਾਨੀ ਵਜੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਹ ਸ਼ਨੀਵਾਰ ਨੂੰ ਮੁੰਬਈ ਤੋਂ ਦਿੱਲੀ ਪਹੁੰਚੇ ਸਨ ਅਤੇ ਹਵਾਈ ਅੱਡੇ ’ਤੇ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 126 ਅਤੇ 170 ਤਹਿਤ ਕਾਰਵਾਈ ਕੀਤੀ ਹੈ।
ਪੁਲਿਸ ਤਿੰਨਾਂ ਨੂੰ ਦਿੱਲੀ ਕੈਂਟ ਸਥਿਤ ਏਸੀਐੱਮ ਅਦਾਲਤ ਵਿੱਚ ਪੇਸ਼ ਕਰੇਗੀ। ਅਦਾਲਤ ਵਿੱਚ ਮੁਚੱਲਕਾ ਭਰਨ ਦੀ ਕਾਰਵਾਈ ਹੋਵੇਗੀ। ਜੇਕਰ ਅਦਾਲਤ ਮੁਚੱਲਕੇ ਤੋਂ ਸੰਤੁਸ਼ਟ ਨਾ ਹੋਈ ਤਾਂ ਤਿੰਨਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ।
ਰੋਕਥਾਮੀ ਕਾਰਵਾਈ ਤਹਿਤ ਗ੍ਰਿਫ਼ਤਾਰੀ
ਪੁਲਿਸ ਦੀ ਇਹ ਕਾਰਵਾਈ ਰੋਕਥਾਮੀ ਕਦਮ ਵਜੋਂ ਕੀਤੀ ਗਈ ਹੈ। ਅਜਿਹੀ ਕਾਰਵਾਈ ਉਦੋਂ ਕੀਤੀ ਜਾਂਦੀ ਹੈ, ਜਦੋਂ ਪੁਲਿਸ ਨੂੰ ਖ਼ਦਸ਼ਾ ਹੋਵੇ ਕਿ ਕਿਸੇ ਵਿਅਕਤੀ ਨੂੰ ਨਾ ਰੋਕਣ ਨਾਲ ਸ਼ਹਿਰ ਦੀ ਸ਼ਾਂਤੀ ਭੰਗ ਹੋ ਸਕਦੀ ਹੈ ਜਾਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।
ਮੈਟਰੋ ਤੇ ਰੇਲ ਸੇਵਾਵਾਂ ਬੰਦ ਕਰਨ ਦੇ ਮਾਮਲੇ ’ਚ ਸੁਪਰੀਮ ਕੋਰਟ ’ਚ ਸੁਣਵਾਈ
ਦੂਜੇ ਪਾਸੇ, ਦਿੱਲੀ ਵਿੱਚ ਸ਼ਨੀਵਾਰ ਨੂੰ 250 ਰੇਲ ਗੱਡੀਆਂ ਰੱਦ ਕਰਨ ਅਤੇ 45 ਮੈਟਰੋ ਸਟੇਸ਼ਨ ਬੰਦ ਰੱਖਣ ਦੇ ਮਾਮਲੇ ’ਤੇ ਸੁਪਰੀਮ ਕੋਰਟ ਅੱਜ ਛੁੱਟੀ ਵਾਲੇ ਦਿਨ ਸੁਣਵਾਈ ਕਰੇਗੀ। ਅਦਾਲਤ ਦੇ ਹੁਕਮਾਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਕੇਂਦਰੀ ਗ੍ਰਹਿ ਸਕੱਤਰ, ਦਿੱਲੀ ਪੁਲਿਸ ਕਮਿਸ਼ਨਰ ਅਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਦੇ ਚੇਅਰਪਰਸਨ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਮੈਟਰੋ ਅਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਬੰਦ ਨਾ ਕੀਤੀਆਂ ਜਾਣ।
