Banner
Banner

Viral Video ਵਿਵਾਦ ‘ਤੇ CM ਭਗਵੰਤ ਮਾਨ : ‘ਫੇਸ-ਮਾਸਕ’ ਤੇ AI ਤਕਨੀਕ ਨਾਲ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼

Viral Video Controversy: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਆਪਣੇ ਵਾਇਰਲ ਹੋ ਰਹੇ ਕਥਿਤ ਵੀਡੀਓ ਵਿਵਾਦ ‘ਤੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਵੀਡੀਓ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਫੁਟੇਜ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਉਹ ਖ਼ੁਦ ਨਹੀਂ ਹੈ, ਬਲਕਿ ਆਧੁਨਿਕ ਤਕਨੀਕ […]
Khushi
By : Updated On: 25 Jun 2026 15:44:PM
Viral Video ਵਿਵਾਦ ‘ਤੇ CM ਭਗਵੰਤ ਮਾਨ : ‘ਫੇਸ-ਮਾਸਕ’ ਤੇ AI ਤਕਨੀਕ ਨਾਲ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼

Viral Video Controversy: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਆਪਣੇ ਵਾਇਰਲ ਹੋ ਰਹੇ ਕਥਿਤ ਵੀਡੀਓ ਵਿਵਾਦ ‘ਤੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਵੀਡੀਓ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਫੁਟੇਜ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਉਹ ਖ਼ੁਦ ਨਹੀਂ ਹੈ, ਬਲਕਿ ਆਧੁਨਿਕ ਤਕਨੀਕ ਰਾਹੀਂ ਉਨ੍ਹਾਂ ਦਾ ਚਿਹਰਾ ਵਰਤਿਆ ਗਿਆ ਹੈ। ਮਾਨ ਨੇ ਤਨਜ਼ ਕਸਦਿਆਂ ਕਿਹਾ, “ਵੀਡੀਓ ਬਣਾਉਣ ਵਾਲਿਆਂ ਨੇ ਮੇਰੇ ਚਿਹਰੇ ਦਾ ਮਾਸਕ (Mask) ਤਾਂ ਲਗਾ ਦਿੱਤਾ, ਪਰ ਉਹ ਮੇਰੀ ਗਰਦਨ ‘ਤੇ ਮੌਜੂਦ ਕੁਦਰਤੀ ਨਿਸ਼ਾਨ ਬਣਾਉਣਾ ਭੁੱਲ ਗਏ। ਅੱਖਾਂ ‘ਤੇ ਮਾਸਕ ਫਿੱਟ ਨਹੀਂ ਬੈਠ ਸਕਦਾ ਸੀ, ਇਸ ਲਈ ਉਨ੍ਹਾਂ ਨੇ ਵੀਡੀਓ ਵਾਲੇ ਬੰਦੇ ਨੂੰ ਐਨਕਾਂ ਲਗਾ ਦਿੱਤੀਆਂ।”

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) ਦੇ ਕੌਮੀ ਬੁਲਾਰੇ ਅਨੁਰਾਗ ਢਾਂਡਾ ਨੇ ਵੀ ਦਾਅਵਾ ਕੀਤਾ ਸੀ ਕਿ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਇਸ ਪੂਰੇ ਵਿਵਾਦ ‘ਤੇ ਹਮੇਸ਼ਾ ਲਈ ਵਿਰਾਮ ਚਿੰਨ੍ਹ ਲੱਗ ਜਾਵੇਗਾ।

₹10 ਲੱਖ ਦੇ ਡੀਲ ਦੇ ਸਬੂਤ; ਸਾਬਕਾ ਮੰਤਰੀ ਮਜੀਠੀਆ ਦੇ ਗੰਭੀਰ ਦੋਸ਼

ਦੂਜੇ ਪਾਸੇ, ਇਸ ਵੀਡੀਓ ਦੀ ਜਾਂਚ ਰਿਪੋਰਟ ਨੂੰ ਲੈ ਕੇ ਇੱਕ ਹੋਰ ਵੱਡਾ ਸਿਆਸੀ ਧਮਾਕਾ ਹੋਇਆ ਹੈ। ਗੁਰੂਗ੍ਰਾਮ ਵਿੱਚ ਕੇਸ ਦਰਜ ਕਰਵਾਉਣ ਵਾਲੀ ਫੋਰੈਂਸਿਕ ਮਾਹਰ (Forensic Expert) ਜਸਪ੍ਰੀਤ ਜੱਸੀ ਨੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਦੇ ਹੱਕ ਵਿੱਚ ‘ਜਾਅਲੀ ਕਲੀਨ ਚਿੱਟ ਰਿਪੋਰਟ’ ਤਿਆਰ ਕਰਨ ਲਈ 10 ਲੱਖ ਰੁਪਏ ਦਾ ਸੌਦਾ ਹੋਇਆ ਸੀ।

ਹੁਣ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ 10 ਲੱਖ ਰੁਪਏ ਨਾਲ ਸਬੰਧਿਤ ਬੈਂਕ ਟ੍ਰਾਂਜੈਕਸ਼ਨ (Bank Transactions) ਦੇ ਸਬੂਤ ਜਨਤਕ ਕਰ ਦਿੱਤੇ ਹਨ। ਮਜੀਠੀਆ ਦਾ ਦਾਅਵਾ ਹੈ ਕਿ ਇਹ ਰਕਮ ਖ਼ਾਸ ਤੌਰ ‘ਤੇ ਫਰਜ਼ੀ ਰਿਪੋਰਟ ਤਿਆਰ ਕਰਵਾਉਣ ਲਈ ਹੀ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਗੁਰੂਗ੍ਰਾਮ ਪੁਲਿਸ ਜਲਦੀ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ, ਡੀਆਈਜੀ (DIG) ਸਵਪਨ ਸ਼ਰਮਾ ਅਤੇ ਐਸਪੀ (SP) ਜਸ਼ਨਦੀਪ ਗਿੱਲ ਕੋਲੋਂ ਪੁੱਛਗਿੱਛ ਕਰ ਸਕਦੀ ਹੈ। ਸ਼ਿਕਾਇਤਕਰਤਾ ਜੱਸੀ ਮੁਤਾਬਕ ਇਨ੍ਹਾਂ ਅਧਿਕਾਰੀਆਂ ਨੇ ਗੁਰੂਗ੍ਰਾਮ ਦੇ ਪੰਜ ਸਿਤਾਰਾ ਹੋਟਲ ‘ਕਰਾਊਨ ਪਲਾਜ਼ਾ’ ਵਿੱਚ ਇੱਕ ਗੁਪਤ ਮੀਟਿੰਗ ਦੌਰਾਨ ਰਿਪੋਰਟ ਬਦਲਣ ਦੀ ਡੀਲ ਕੀਤੀ ਸੀ (ਹਾਲਾਂਕਿ, ਮੀਡੀਆ ਅਦਾਰੇ ਸੁਤੰਤਰ ਤੌਰ ‘ਤੇ ਇਹਨਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦੇ)।

ਸੀਐਮ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਚੁੱਕੇ ਗਏ ਮੁੱਖ ਨੁਕਤੇ:

1. “ਸਿਆਸੀ ਮੁਕਾਬਲਾ ਨਾ ਕਰਕੇ, ਧਾਰਮਿਕ ਆਧਾਰ ‘ਤੇ ਬਦਨਾਮ ਕਰਨ ਦੀ ਕੋਸ਼ਿਸ਼”

ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਮੇਰਾ ਸਿਆਸੀ ਮੁਕਾਬਲਾ ਕਰਨ ਵਿੱਚ ਪੂਰੀ ਤਰ੍ਹਾਂ ਅਸਮਰੱਥ ਹਨ, ਇਸ ਲਈ ਉਹ ਮੈਨੂੰ ਧਾਰਮਿਕ ਤੌਰ ‘ਤੇ ਬਦਨਾਮ ਕਰ ਰਹੀਆਂ ਹਨ। ਸਾਡੀ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਸਮਾਜਿਕ, ਆਰਥਿਕ ਅਤੇ ਧਾਰਮਿਕ ਖੇਤਰ ਵਿੱਚ ਇਤਿਹਾਸਕ ਕੰਮ ਕੀਤੇ ਹਨ। ਅਸੀਂ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਇਆ, ਪਾਲਕੀ ਸਾਹਿਬ ਦੀਆਂ ਗੱਡੀਆਂ ਦਾ ਟੈਕਸ ਮੁਆਫ਼ ਕੀਤਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਸੈਸ਼ਨ ਬੁਲਾਇਆ ਅਤੇ ਤਿੰਨ ਇਤਿਹਾਸਕ ਸ਼ਹਿਰਾਂ ਨੂੰ ‘ਪਵਿੱਤਰ ਸ਼ਹਿਰ’ ਦਾ ਦਰਜਾ ਦਿੱਤਾ।

2. “ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ ਸ਼੍ਰੋਮਣੀ ਕਮੇਟੀ”

ਮਾਨ ਨੇ ਸਵਾਲ ਉਠਾਇਆ ਕਿ ਗੁਰਦੁਆਰਿਆਂ ਦੇ ਬਾਹਰ ਸਿਰਫ਼ ਭਗਵੰਤ ਮਾਨ ਦੇ ਬਾਈਕਾਟ ਦੇ ਬੋਰਡ ਕਿਉਂ ਲਗਾਏ ਜਾ ਰਹੇ ਹਨ? ਸੁਖਬੀਰ ਬਾਦਲ ਵਿਰੁੱਧ ਅਜਿਹਾ ਕਦਮ ਕਿਉਂ ਨਹੀਂ ਚੁੱਕਿਆ ਗਿਆ? ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਖ਼ੁਦ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ, ਬਲਕਿ ਸੁਖਬੀਰ ਬਾਦਲ ਦਾ ਸਿਪਾਹੀ ਮੰਨਦੇ ਹਨ। ਮੁੱਖ ਮੰਤਰੀ ਨੇ ਕਿਹਾ, “ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਮੈਨੂੰ ਅੱਜ ਵੀ ਸੱਦਦਾ ਹੈ, ਤਾਂ ਮੈਂ ਪੇਸ਼ ਹੋਣ ਲਈ ਤਿਆਰ ਹਾਂ। ਮੈਂ ਪਹਿਲਾਂ ਕਾਰਵਾਈ ਦੇ ਲਾਈਵ ਪ੍ਰਸਾਰਣ (Live Telecast) ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਨੇ ਨਿੱਜਤਾ ਦਾ ਹਵਾਲਾ ਦੇ ਕੇ ਮਨ੍ਹਾ ਕਰ ਦਿੱਤਾ, ਪਰ ਬਾਅਦ ਵਿੱਚ ਉਹ ਵੀਡੀਓ ਵੀ ਲੀਕ ਕਰ ਦਿੱਤੀ ਗਈ।”

3. “ਵੀਡੀਓ ਕੈਨੇਡਾ ਤੋਂ ਆਈ; AI ਅਤੇ ਫੇਸ-ਸਵੈਪਿੰਗ ਤਕਨੀਕ ਦੀ ਵਰਤੋਂ”

ਮੁੱਖ ਮੰਤਰੀ ਨੇ ਵੀਡੀਓ ਦਾ ਸੱਚ ਸਾਹਮਣੇ ਲਿਆਉਂਦਿਆਂ ਕਈ ਅਹਿਮ ਤੱਥ ਪੇਸ਼ ਕੀਤੇ:

  • ਉਚਾਈ ਵਿੱਚ ਫ਼ਰਕ: ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਮੇਰੇ ਨਾਲੋਂ ਦੋ ਇੰਚ ਜ਼ਿਆਦਾ ਲੰਬਾ ਹੈ।
  • ਮਾਸਕ ਦਾ ਖੁਲਾਸਾ: ਜਗਮਨ ਸਮਰਾ ਨਾਮ ਦੇ ਵਿਅਕਤੀ ਨੇ ਮੇਰੇ ਚਿਹਰੇ ਦਾ ਹੂਬਹੂ ਮਾਸਕ ਤਿਆਰ ਕੀਤਾ ਸੀ। ਮਾਨ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਸਮਰਾ ਕਾਰ ‘ਚ ਬੈਠਾ ਮਾਨ ਦਾ ਮਾਸਕ ਦਿਖਾ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਉਹ ਕਿਸੇ ਨੂੰ ਇਹ ਪਹਿਨਾ ਕੇ ਵੀਡੀਓ ਬਣਾਏਗਾ। ਇਸ ਵਿੱਚ ‘ਫੇਸ-ਸਵੈਪਿੰਗ’ (Face-Swapping) ਤਕਨੀਕ ਵਰਤੀ ਗਈ ਹੈ।
  • ਕੈਨੇਡਾ ਕਨੈਕਸ਼ਨ: ਇਹ ਵੀਡੀਓ ਕੈਨੇਡਾ ਤੋਂ ਟਿਕਟੌਕ (TikTok) ‘ਤੇ ਅਪਲੋਡ ਕੀਤੀ ਗਈ ਹੈ, ਜਦਕਿ ਮੈਂ ਨਵੰਬਰ 2016 ਤੋਂ ਬਾਅਦ ਕਦੇ ਕੈਨੇਡਾ ਗਿਆ ਹੀ ਨਹੀਂ। ਜਗਮਨ ਸਮਰਾ ਕੋਈ ਮੇਰਾ ਦੋਸਤ ਨਹੀਂ ਹੈ, ਉਹ ਇੱਕ ਬਲੈਕਮੇਲਰ ਅਤੇ ਨਸ਼ੇੜੀ ਹੈ ਜੋ ਇੱਥੋਂ ਭੱਜ ਚੁੱਕਾ ਹੈ।
  • ਹੋਟਲ ਦਾ ਇੰਟੀਰੀਅਰ: ਵੀਡੀਓ ਕਿਸੇ ਆਧੁਨਿਕ ਹੋਟਲ ਦੀ ਹੈ ਜਿਸ ਦਾ ਡਿਜ਼ਾਈਨ 2016-17 ਤੋਂ ਬਾਅਦ ਦਾ ਹੈ। ਭਲਾ ਹੋਟਲ ਦੇ ਕਮਰੇ ਵਿੱਚ ਗੁਰੂ ਸਾਹਿਬ ਦੀ ਤਸਵੀਰ ਕੌਣ ਲਗਾਉਂਦਾ ਹੈ? ਉਨ੍ਹਾਂ ਨੇ ਕੇਜਰੀਵਾਲ ਦਾ ਵੀ ਅਜਿਹਾ ਮਾਸਕ ਬਣਾਇਆ ਸੀ। ਅਸੀਂ ਜਲਦੀ ਹੀ ਖੁਲਾਸਾ ਕਰਾਂਗੇ ਕਿ ਇਸ ਸਾਜ਼ਿਸ਼ ਦੇ ਪਿੱਛੇ ਕਿਹੜਾ ‘ਸਾਂਝਾ ਮੋਰਚਾ’ ਹੈ ਅਤੇ ਇਸ ਲਈ ਕਿਸ ਨੇ ਪੈਸੇ ਦਿੱਤੇ ਸਨ।

4. “ਗੁਰੂ ਕੀ ਸੰਗਤ ਕਰੇਗੀ ਅੰਤਿਮ ਫੈਸਲਾ”

ਭਗਵੰਤ ਮਾਨ ਨੇ ਕਿਹਾ ਕਿ ਉਹ ਇਹ ਸਾਰੇ ਤਕਨੀਕੀ ਸਬੂਤ ਅਤੇ ਵੀਡੀਓ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾਂਚ ਲਈ ਭੇਜਣਗੇ। ਉਨ੍ਹਾਂ ਕਿਹਾ, “ਮੈਂ ਇਸ ਦਾ ਫੈਸਲਾ ਗੁਰੂ ਨਾਨਕ ਨਾਮ ਲੇਵਾ ਸੰਗਤ ‘ਤੇ ਛੱਡਦਾ ਹਾਂ। ਲੱਖਾਂ ਲੋਕ ਮੇਰੇ ਨਾਲ ਖੜ੍ਹੇ ਹਨ।”

5. “ਇਹ ਸਿਰਫ਼ ਵਿਰੋਧੀਆਂ ਦੀ ‘ਚੋਣ ਸਮੱਗਰੀ’ ਹੈ”

ਗੁਰੂਗ੍ਰਾਮ ਪੁਲਿਸ ਮਾਮਲੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਰੀ ਕਹਾਣੀ ਮਨਘੜਤ ਹੈ ਅਤੇ ਸਬੰਧਿਤ ਧਿਰ ‘ਤੇ ਦਬਾਅ ਪਾ ਕੇ ਬਿਆਨ ਦਿਵਾਇਆ ਗਿਆ ਹੈ। ਗੁਰੂਗ੍ਰਾਮ ਪੁਲਿਸ ਭਾਜਪਾ (BJP) ਦੇ ਅਧੀਨ ਹੈ। ਜੇਕਰ ਅਸੀਂ ਗਲਤ ਹੁੰਦੇ, ਤਾਂ ਉੱਥੇ ਕਿਉਂ ਜਾਂਦੇ? ਇਹ ਸਾਰੇ ਵੀਡੀਓ ਪੁਲਿਸ ਨੂੰ ਸੌਂਪੇ ਜਾਣਗੇ ਅਤੇ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਬੁਲਾਈ ਜਾਵੇਗੀ। ਪਿਛਲੀਆਂ ਚੋਣਾਂ ਵਿੱਚ ਵੀ ਅਜਿਹੀਆਂ ਫਰਜ਼ੀ ਵੀਡੀਓਜ਼ ਆਈਆਂ ਸਨ, ਇਹ ਸਿਰਫ਼ ਵਿਰੋਧੀਆਂ ਦੀ ‘ਚੋਣ ਸਮੱਗਰੀ’ ਹੈ। ਜਨਤਾ ਸਭ ਜਾਣਦੀ ਹੈ।

Read Latest News and Breaking News at Daily Post TV, Browse for more News

Ad
Ad