ਸੰਵਿਧਾਨ ਦਿਵਸ ਮੌਕੇ ਅੱਜ ਅੰਮ੍ਰਿਤਸਰ ’ਚ ਕਾਂਗਰਸ ਦੀ ਰੋਸ ਰੈਲੀ
- ‘ਸੰਵਿਧਾਨ ਬਚਾਓ, ਨਸ਼ਾ ਵਿਰੋਧੀ ਅਤੇ ਵੋਟ ਚੋਰੀ’ ਦੇ ਮੁੱਦਿਆਂ ’ਤੇ ਹੋਵੇਗਾ ਇਕੱਠ
- ਦੁਪਹਿਰ 12 ਵਜੇ ਰਾਜ ਰਿਜ਼ੋਰਟ ਵਿਖੇ ਪਹੁੰਚਣਗੇ ਕਾਂਗਰਸੀ ਆਗੂ
ਅੰਮ੍ਰਿਤਸਰ: ਸੰਵਿਧਾਨ ਦਿਵਸ ਦੇ ਮੌਕੇ ’ਤੇ 26 ਨਵੰਬਰ ਨੂੰ ਪੰਜਾਬ ਕਾਂਗਰਸ ਵੱਲੋਂ ਅੰਮ੍ਰਿਤਸਰ ਵਿੱਚ ਰੋਸ ਰੈਲੀ ਕੀਤੀ ਜਾ ਰਹੀ ਹੈ। ‘ਸੰਵਿਧਾਨ ਬਚਾਓ, ਨਸ਼ਾ ਵਿਰੋਧੀ ਅਤੇ ਵੋਟ ਚੋਰੀ ਦੇ ਖ਼ਿਲਾਫ਼’ ਕਰਵਾਈ ਜਾ ਰਹੀ ਇਸ ਰੈਲੀ ਵਿੱਚ ਪਾਰਟੀ ਵੱਲੋਂ ਸੰਵਿਧਾਨ ਦੀ ਰਾਖੀ, ਪੰਜਾਬ ਵਿੱਚ ਨਸ਼ਿਆਂ ਦੇ ਫੈਲਾਅ, ਗੈਂਗਸਟਰਾਂ ਦੀਆਂ ਗਤੀਵਿਧੀਆਂ ਅਤੇ ਕਥਿਤ ਵੋਟ ਚੋਰੀ ਵਰਗੇ ਮੁੱਦਿਆਂ ਨੂੰ ਉਭਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਰਟੀ ਇਨ੍ਹਾਂ ਮੁੱਦਿਆਂ ਰਾਹੀਂ ਸੂਬਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ।
ਇਸ ਪ੍ਰੋਗਰਾਮ ਲਈ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਪਾਰਟੀ ਦੇ ਹੋਰ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ। ਪਾਰਟੀ ਵੱਲੋਂ ਸਾਰੇ ਸੀਨੀਅਰ ਆਗੂਆਂ ਨੂੰ ਨਿੱਜੀ ਤੌਰ ’ਤੇ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਉਨ੍ਹਾਂ ਦੀ ਸਾਂਝੀ ਮੌਜੂਦਗੀ ਰਾਹੀਂ ਪਾਰਟੀ ਦੀ ਏਕਤਾ ਅਤੇ ਸ਼ਮੂਲੀਅਤ ਨੂੰ ਦਰਸਾਇਆ ਜਾ ਸਕੇ। ਰੈਲੀ ਦਾ ਸਮਾਂ ਦੁਪਹਿਰ 12 ਵਜੇ ਰੱਖਿਆ ਗਿਆ ਹੈ। ਇਸ ਦਾ ਸਥਾਨ ਰਾਜ ਰਿਜ਼ੋਰਟ, ਇੰਡੀਆ ਗੇਟ ਨੇੜੇ, ਬਾਈਪਾਸ, ਛੇਹਰਟਾ, ਨਰਾਇਣਗੜ੍ਹ, ਅੰਮ੍ਰਿਤਸਰ ਹੈ।
ਦੂਜੇ ਪਾਸੇ ਨੈਸ਼ਨਲ ਕਾਂਗਰਸ ਵੱਲੋਂ ਵੀ ਇਸ ਦਿਨ ਨੂੰ ਲੈ ਕੇ ਪੂਰੇ ਦੇਸ਼ ‘ਚ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਲਖਨਊ ਪਹੁੰਚ ਕੇ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਬਾਅਦ ਉਹ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਦੇ ਨਾਲ ਸੰਵਿਧਾਨ ਰੱਖਿਆ ਮਾਰਚ ਵਿੱਚ ਵੀ ਸ਼ਮੂਲੀਅਤ ਕਰਨਗੇ।