ਗੁਰੂ ਸਾਹਿਬਾਨ ਦੀਆਂ ਮਹਾਨਤਾਵਾਂ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲਾ ਘੋਸ਼ਿਤ ਕਰੇ : ਪ੍ਰੋ. ਬਡੂੰਗਰ

Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਦਾ ਨਵਾਂ ਜ਼ਿਲਾ ਘੋਸ਼ਿਤ ਕੀਤਾ ਜਾਵੇ, ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਦਾ ਪਵਿੱਤਰ ਨਗਰ ਸਰਬ ਧਰਮ ਰੱਖਿਅਕ ਅਮਰ ਸ਼ਹੀਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਵਸਾਇਆ ਹੋਇਆ ਹੈ।
ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਥੇ ਹੀ ਕਸ਼ਮੀਰੀ ਬ੍ਰਾਹਮਣਾ ਦਾ ਇਕ ਵਫਦ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਫਰਿਆਦੀ ਬਣਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁਖ ਪੇਸ਼ ਹੋਏ ਸਨ ਤੇ ਇਥੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਰੱਖਿਆ ਲਈ ਆਪ ਚੱਲ ਕੇ ਦਿੱਲੀ ਨੂੰ ਗਏ ਸਨ।
ਉਹਨਾਂ ਕਿਹਾ ਕਿ ਇਥੋਂ ਹੀ ਗੁਰੂ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਪਵਿੱਤਰ ਸੀਸ ਭਾਈ ਜੈਤਾ ਜੀ ਲੈ ਕੇ ਪਹੁੰਚੇ ਸਨ ਤੇ ਸਤਿਗੁਰਾਂ ਦੇ ਪਵਿਤਰ ਸੀਸ ਦਾ ਸਸਕਾਰ ਵੀ ਇੱਥੇ ਹੀ ਕੀਤਾ ਗਿਆ, ਜਿਥੇ ਗੁਰਦੁਆਰਾ ਸੀਸ ਗੰਜ ਸਾਹਿਬ ਯਾਦਗਾਰੀ ਗੁਰੂ ਘਰ ਹੈ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਅਨੰਦਪੁਰ ਸਾਹਿਬ ਵਿਖੇ ਹੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੰਮਾ ਸਮਾਂ ਨਿਵਾਸ ਕੀਤਾ ਤੇ 30 ਮਾਰਚ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ।
ਉਹਨਾਂ ਦੱਸਿਆ ਕਿ ਇਥੇ ਹੀ ਦਸ਼ਮੇਸ਼ ਪਿਤਾ ਜੀ ਦੇ ਤਿੰਨ ਸਾਹਿਬਜਾਦਿਆਂ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਤੇ ਇਥੋਂ ਥੋੜੀ ਦੂਰ ਅਨੰਦਪੁਰ ਵਿਚ ਦਸ਼ਮੇਸ਼ ਜੀ ਦੇ ਵੱਡੇ ਮਾਤਾ ਜੀਤੇ ਜੀ ਮੁਗਲਾਂ ਨਾਲ ਲੋਹਾ ਲੈਦਿਆ ਸਹੀਦ ਹੋਏ ਸਨ।
ਸਾਬਕਾ ਪ੍ਰਧਾਨ ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ
ਇਹਨਾ ਮਹਾਨਤਾਵਾਂ ਨੂੰ ਵੇਖਦਿਆਂ ਹੋਇਆ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਪੰਜਾਬ ਦਾ ਨਵਾਂ ਜ਼ਿਲਾ ਬਣਾਇਆ ਜਾਵੇ, ਜੋ ਇਹ ਸਮੂਹ ਸ਼ਰਧਾਲੂ ਸੰਗਤਾਂ ਦੀ ਦਿਲੀ ਮੰਗ ਵੀ ਹੈ । ਉਹਨਾਂ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਪਾਸੋਂ ਮੰਗ ਕਰਦੇ ਆਂ ਕਿਹਾ ਕਿ ਇਸ ਪਵਿਤਰ ਕਾਰਜ ਕਰਕੇ ਸਤਿਗੁਰਾਂ ਦੇ 350 ਸਾਲਾ ਸ਼ਹੀਦੀ ਨੂੰ ਸੱਚੀ ਸ਼ਰਧਾ ਭੇਂਟ ਕੀਤੀ ਜਾਵੇ ।