ਸਿਰਫ਼ 8 ਕਰੋੜ ਦੀਆਂ ਪੁਲੀਆਂ ਬਣਨ ਨਾਲ 70 ਸਾਲ ਪੁਰਾਣੀ ਸਮੱਸਿਆ ਹੋਵੇਗੀ ਹੱਲ: ਮੰਤਰੀ ਬੈੰਸ
ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ 18 ਸਤੰਬਰ ਨੂੰ ਤੜਕਸਾਰ, ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਰਸਾਤ ਨੇ ਕਈ ਇਲਾਕਿਆਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਇਲਾਕੇ ਦੇ ਪਿੰਡਾਂ ਦੀ ਸਥਿਤੀ ਦੇਖੀ, ਜਿੱਥੇ ਸੜਕਾਂ ਦਾ ਨੈੱਟਵਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਖੱਡਾਂ ਵਿੱਚ ਵੱਧ ਪਾਣੀ ਆਉਣ ਕਾਰਨ ਲੋਕ ਬਹੁਤ ਪ੍ਰਭਾਵਿਤ ਹੋਏ ਹਨ। ਬੱਚਿਆਂ ਦਾ ਸਕੂਲ ਜਾਣਾ ਮੁਸ਼ਕਿਲ ਹੋ ਗਿਆ ਹੈ ਅਤੇ ਮਰੀਜ਼ਾਂ ਨੂੰ ਇਲਾਜ ਲਈ ਵੀ ਮੁਸੀਬਤਾਂ ਆ ਰਹੀਆਂ ਹਨ।
ਬੈਂਸ ਨੇ ਕਿਹਾ ਕਿ ਬੀਤੀ ਕੱਲ੍ਹ ਹੀ ਦਬੂੜ ਵਿੱਚ 1.01 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਅਤੇ ਦਬੂੜ ਅੱਪਰ ਵਿੱਚ 70 ਲੱਖ ਰੁਪਏ ਦੀ ਲਾਗਤ ਨਾਲ ਪੁਲ ਬਣਾਉਣ ਦੀ ਮਨਜ਼ੂਰੀ ਪ੍ਰਾਪਤ ਹੋਈ ਹੈ, ਇਹਨਾਂ ਦੋਵੇਂ ਪੁਲਾਂ ਦਾ ਟੈਂਡਰ ਅਗਲੇ ਹਫ਼ਤੇ ਲੱਗ ਜਾਵੇਗਾ। ਇਹ ਪ੍ਰੋਜੈਕਟ ਚੰਗਰ ਇਲਾਕੇ ਦੇ ਇਨ੍ਹਾਂ ਪਿੰਡਾਂ ਦੀ ਆਵਾਜਾਈ ਦੀ 70 ਸਾਲ ਪੁਰਾਣੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰ ਦੇਣਗੇ।ਮੰਤਰੀ ਬੈਂਸ ਨੇ ਹੋਰ ਦੱਸਿਆ ਕਿ 8 ਕਰੋੜ ਰੁਪਏ ਦੀ ਲਾਗਤ ਨਾਲ ਪੁਲੀਆਂ ਪਾਉਣ ਦੀ ਵੀ ਮਨਜ਼ੂਰੀ ਹੋ ਚੁੱਕੀ ਹੈ ਅਤੇ ਇਸ ਦਾ ਕੰਮ ਵੀ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਅਕਸਰ ਭਾਰੀ ਬਰਸਾਤ ਦੌਰਾਨ ਖੱਡਾਂ ਵਿੱਚ ਪਾਣੀ ਆ ਜਾਂਦਾ ਹੈ। ਅੱਜ ਤੜਕਸਾਰ ਹੋਈ ਭਾਰੀ ਬਰਸਾਤ ਕਾਰਨ ਮਾਂਗੇਵਾਲ, ਦਬੂੜ, ਲੋਹੱਡ ਖੱਡ ਵਿੱਚ ਪਾਣੀ ਦੇ ਵਧੇਰੇ ਵਹਾਅ ਕਰਕੇ ਫਸਲਾਂ ਅਤੇ ਪਸ਼ੂਧਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਬੈਂਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਆਸਪੁਰ, ਆਲੋਵਾਲ ਅਤੇ ਹੋਰ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ ਜਿੱਥੇ ਰਾਹਤ ਦੇ ਕੰਮ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦਬੂੜ ਅਤੇ ਹੋਰ ਪ੍ਰਭਾਵਿਤ ਇਲਾਕਿਆਂ ਦੇ ਨੁਕਸਾਨ ਦਾ ਜਾਇਜ਼ਾ ਲੈ ਕੇ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਜਲਦੀ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲਾਂ ਹੀ ਇਹ ਵਾਅਦਾ ਕਰ ਚੁੱਕੀ ਹੈ ਕਿ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਪ੍ਰਤੀ ਏਕੜ 20 ਹਜ਼ਾਰ ਰੁਪਏ ਦਿੱਤਾ ਜਾਵੇਗਾ, ਜਦੋਂ ਕਿ ਕੇਂਦਰ ਵੱਲੋਂ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ ਹੈ। ਬੈਂਸ ਨੇ ਕਿਹਾ ਕਿ ਮਕਾਨਾਂ ਅਤੇ ਪਸ਼ੂ ਧੰਨ ਦੇ ਨੁਕਸਾਨ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਮੁਆਵਜ਼ੇ ਤੋਂ ਇਲਾਵਾ ਫੌਰੀ ਤੌਰ ‘ਤੇ ਮਦਦ ਲਈ ਸਥਾਨਕ ਦੋਸਤਾਂ, ਮਿੱਤਰਾਂ, ਟੀਮ ਮੈਂਬਰਾਂ, ਵਲੰਟੀਅਰ, ਗਰੁੱਪਾਂ ਅਤੇ ਹੋਰ ਇਲਾਕੇ ਦੇ ਲੋਕਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਤਾਂ ਜੋ ਜ਼ਰੂਰਤਮੰਦ ਲੋਕਾਂ ਨੂੰ ਤੁਰੰਤ ਮਦਦ ਪਹੁੰਚਾਈ ਜਾ ਸਕੇ।