ਕੈਨੇਡਾ ਦੇ ਗੁਰਦੁਆਰੇ ’ਚ ਵਿਵਾਦ, ਪੁਲਿਸ ਨੂੰ ਜੁੱਤੀਆਂ ਸਮੇਤ ਅੰਦਰ ਬੁਲਾਉਣ ਦਾ ਹੈ ਮਾਮਲਾ
ਚੰਡੀਗੜ੍ਹ: ਕੈਨੇਡਾ ਦੇ ਕਿਚਨਰ ਸ਼ਹਿਰ ਸਥਿਤ ਇੱਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇੱਕ ਸਿੱਖ ਲੜਕੀ ਨੇ ਕਮੇਟੀ ’ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕਰਨ, ਨੌਜਵਾਨਾਂ ਦੀ ਆਵਾਜ਼ ਦਬਾਉਣ ਅਤੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਲੜਕੀ ਮੁਤਾਬਕ, 14 ਨਵੰਬਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਬੁਲਾਇਆ ਗਿਆ ਅਤੇ ਪੁਲਿਸ ਮੁਲਾਜ਼ਮ ਜੁੱਤੀਆਂ ਸਮੇਤ ਅੰਦਰ ਦਾਖ਼ਲ ਹੋਏ। ਉਸ ਨੇ ਇਸ ਘਟਨਾ ’ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕਰਾਰ ਦਿੱਤਾ।
ਲੜਕੀ ਨੇ ਦੋਸ਼ ਲਾਇਆ ਕਿ ਗੁਰੂ ਘਰ ਵਿੱਚ ਹੀ ਉਸ ਨੂੰ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਜੋ ਉਹ ਚੁੱਪ ਰਹੇ ਅਤੇ ਸੱਚਾਈ ਸਾਹਮਣੇ ਨਾ ਲਿਆ ਸਕੇ। ਉਸ ਦਾ ਕਹਿਣਾ ਹੈ ਕਿ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਨੌਜਵਾਨਾਂ ਦੀ ਗੁਰਦੁਆਰਾ ਸਾਹਿਬ ਵਿੱਚ ਸਰਗਰਮ ਭੂਮਿਕਾ ਦੇ ਹੱਕ ਵਿੱਚ ਨਹੀਂ ਹਨ ਅਤੇ ਉਨ੍ਹਾਂ ਦੀ ਸ਼ਮੂਲੀਅਤ ਸੀਮਤ ਕਰਨਾ ਚਾਹੁੰਦੇ ਹਨ।
ਸ਼ਹੀਦੀ ਸਮਾਗਮਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਡਰਾਉਣ ਦੇ ਦੋਸ਼
ਲੜਕੀ ਨੇ ਕਮੇਟੀ ਦੇ ਰਵੱਈਏ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਅਗਲੇ ਹਫ਼ਤੇ ਸਾਰੇ ਮਿਲ ਕੇ ਸ਼ਹੀਦੀ ਦਿਵਸ ਦੇ ਸਮਾਗਮ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇੱਕ ਪਾਸੇ ਸ਼ਹੀਦਾਂ ਦੇ ਸਨਮਾਨ ਦੀ ਗੱਲ ਕੀਤੀ ਜਾਂਦੀ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ਦੇ ਵਾਰਸਾਂ ਯਾਨੀ ਅੱਜ ਦੇ ਨੌਜਵਾਨਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਕੁਝ ਘੰਟਿਆਂ ਦੌਰਾਨ ਉਸ ਨਾਲ ਕਈ ਹੋਰ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਬਾਰੇ ਉਹ ਫਿਲਹਾਲ ਜਨਤਕ ਤੌਰ ’ਤੇ ਜਾਣਕਾਰੀ ਸਾਂਝੀ ਨਹੀਂ ਕਰ ਸਕਦੀ। ਹਾਲਾਂਕਿ, ਉਸ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਬਾਵਜੂਦ ਉਹ ਡਰਨ ਵਾਲੀ ਨਹੀਂ ਹੈ।
ਕਿਹਾ- ਗੁਰੂ ਘਰ ਵਿੱਚ ਧਮਕੀਆਂ ਦੀ ਰਾਜਨੀਤੀ ਨਹੀਂ ਚੱਲੇਗੀ
ਲੜਕੀ ਨੇ ਪ੍ਰਬੰਧਕ ਕਮੇਟੀ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਪਹਿਲਾਂ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸੀ, ਅੱਜ ਵੀ ਹੈ ਅਤੇ ਅੱਗੇ ਵੀ ਉੱਥੇ ਖੜ੍ਹੀ ਰਹੇਗੀ। ਉਸ ਨੇ ਕਿਹਾ ਕਿ ਗੁਰੂ ਘਰ ਵਿੱਚ ਡਰਾਉਣ ਅਤੇ ਧਮਕਾਉਣ ਦੀ ਰਾਜਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ ਵਿੱਚ ਲੜਕੀ ਵੱਲੋਂ ਲਗਾਏ ਗਏ ਦੋਸ਼ ਸਾਹਮਣੇ ਆਏ ਹਨ। ਪ੍ਰਬੰਧਕ ਕਮੇਟੀ ਦਾ ਪੱਖ ਜਾਂ ਇਨ੍ਹਾਂ ਦੋਸ਼ਾਂ ਬਾਰੇ ਉਸ ਦਾ ਅਧਿਕਾਰਤ ਜਵਾਬ ਸਾਹਮਣੇ ਆਉਣਾ ਬਾਕੀ ਹੈ।