ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਕੰਸਰਟ ਤੋਂ ਪਹਿਲਾਂ ਵੀ ਖੜ੍ਹਾ ਹੋਇਆ ਵਿਵਾਦ
- ਗੀਤਾਂ ਅਤੇ ਸਟੇਜ ਪ੍ਰਦਰਸ਼ਨ ਨੂੰ ਲੈ ਕੇ DCPO ਨੇ ਪੁਲਿਸ ਕਮਿਸ਼ਨਰ ਨੂੰ ਲਿਖਿਆ ਪੱਤਰ
- 21 ਨਵੰਬਰ ਨੂੰ ਨਰਿੰਦਰ ਮੋਦੀ ਸਟੇਡੀਅਮ ’ਚ ਹੋਣਾ ਹੈ ਸ਼ੋਅ
ਅਹਿਮਦਾਬਾਦ: ਅਹਿਮਦਾਬਾਦ ਵਿੱਚ 21 ਨਵੰਬਰ ਨੂੰ ਹੋਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਫੇਰ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਡਾ. ਪੁੰਡਿਤਰਾਓ ਧਰੇਨਵਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (DCPO) ਨੇ ਪੁਲਿਸ ਕਮਿਸ਼ਨਰ ਨੂੰ ਪੱਤਰ ਜਾਰੀ ਕਰਕੇ ਸਮਾਗਮ ਦੌਰਾਨ ਕੁਝ ਗੀਤਾਂ ਅਤੇ ਸਟੇਜ ’ਤੇ ਹੋਣ ਵਾਲੀਆਂ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕੀਤੀ ਹੈ।
ਨੋਟਿਸ ਵਿੱਚ ਨਸ਼ਾ ਮੁਕਤ ਭਾਰਤ ਮੁਹਿੰਮ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਸ਼ਰਾਬ ਅਤੇ ਨਸ਼ਿਆਂ ਦੀ ਵਡਿਆਈ ਕਰਨ ਵਾਲੇ ਗੀਤਾਂ ਨੂੰ ਸਮਾਗਮ ਵਿੱਚ ਪੇਸ਼ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਹੁਕਮ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਮੁਤਾਬਕ ਅਜਿਹੇ ਗੀਤਾਂ ਦਾ ਬੱਚਿਆਂ ’ਤੇ ਮਾੜਾ ਅਸਰ ਪੈ ਸਕਦਾ ਹੈ।
DCPO ਨੇ ਪੁਲਿਸ ਕਮਿਸ਼ਨਰ ਨੂੰ ਇਹ ਵੀ ਕਿਹਾ ਹੈ ਕਿ ਕੰਸਰਟ ਦੌਰਾਨ ਬੱਚਿਆਂ ਨੂੰ ਸਟੇਜ ’ਤੇ ਨਾ ਬੁਲਾਇਆ ਜਾਵੇ। ਪੱਤਰ ਵਿੱਚ ਦਲੀਲ ਦਿੱਤੀ ਗਈ ਹੈ ਕਿ ਤੇਜ਼ ਆਵਾਜ਼ ਅਤੇ ਫਲੈਸ਼ ਲਾਈਟਾਂ ਕਾਰਨ ਬੱਚਿਆਂ ਦੀ ਸੁਣਨ ਅਤੇ ਦੇਖਣ ਦੀ ਸਮਰੱਥਾ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਦਿਲਜੀਤ ਦੇ ਸਟੇਜ ’ਤੇ ਛਾਤੀ ਉੱਤੇ ਬੁਲੇਟ ਬੈਲਟ ਪਹਿਨਣ ’ਤੇ ਵੀ ਇਤਰਾਜ਼ ਜਤਾਇਆ ਗਿਆ ਹੈ। ਅਧਿਕਾਰੀ ਨੇ ਇਸ ਨੂੰ ਬੰਦੂਕ ਸੱਭਿਆਚਾਰ ਨਾਲ ਜੋੜਦਿਆਂ ਅਜਿਹੇ ਪ੍ਰਦਰਸ਼ਨ ਦੀ ਇਜਾਜ਼ਤ ਨਾ ਦੇਣ ਦੀ ਸਿਫ਼ਾਰਸ਼ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਦੌਰ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਵੱਲੋਂ ਵੀ ਡਾ. ਪੁੰਡਿਤਰਾਓ ਦੀ ਸ਼ਿਕਾਇਤ ਦੇ ਆਧਾਰ ’ਤੇ ਇਸੇ ਤਰ੍ਹਾਂ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਡਾ. ਪੁੰਡਿਤਰਾਓ ਸ਼ਰਾਬ, ਨਸ਼ਿਆਂ ਅਤੇ ਹਥਿਆਰਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਖ਼ਿਲਾਫ਼ ਮੁਹਿੰਮ ਚਲਾ ਰਹੇ ਹਨ।