ਖੰਨਾ ’ਚ ਬੱਬੂ ਮਾਨ ਦੇ ਅਖਾੜੇ ਤੋਂ ਪਹਿਲਾਂ ਵਿਵਾਦ, ਪੰਡਿਤ ਰਾਓ ਨੇ SSP ਨੂੰ ਦਿੱਤੀ ਸ਼ਿਕਾਇਤ
Babbu Maan Khanna Show Controversy: ਖੰਨਾ ਵਿੱਚ ਦਸਹਿਰੇ ਮੌਕੇ ਹੋਣ ਵਾਲੇ ਵਿਸ਼ਾਲ ਸਮਾਗਮ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਖੁੱਲ੍ਹਾ ਅਖਾੜਾ ਲਗਾਇਆ ਜਾਵੇਗਾ। ਹਾਲਾਂਕਿ, ਪ੍ਰੋਗਰਾਮ ਤੋਂ ਪਹਿਲਾਂ ਹੀ ਗਾਇਕ ਦੇ ਗੀਤਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪੰਡਿਤ ਰਾਓ ਤਰੇਨਵਰ ਨੇ ਖੰਨਾ ਦੇ ਐੱਸਐੱਸਪੀ ਦਫ਼ਤਰ ਵਿੱਚ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਬੱਬੂ ਮਾਨ ਸਮਾਗਮ ਦੌਰਾਨ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਾ ਗਾਉਣ।
ਹਾਈ ਕੋਰਟ ਦੀਆਂ ਹਦਾਇਤਾਂ ਦਾ ਦਿੱਤਾ ਹਵਾਲਾ
ਪੰਡਿਤ ਰਾਓ ਤਰੇਨਵਰ ਨੇ ਕਿਹਾ ਕਿ ਹਾਲ ਹੀ ਵਿੱਚ ਬਰਨਾਲਾ ਵਿਖੇ ਹੋਏ ਇੱਕ ਪ੍ਰੋਗਰਾਮ ਦੌਰਾਨ ਬੱਬੂ ਮਾਨ ਵੱਲੋਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਾ ਗੀਤ ਗਾਏ ਜਾਣ ਦੀ ਗੱਲ ਸਾਹਮਣੇ ਆਈ ਸੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਗੀਤਾਂ ’ਤੇ ਮਾਣਯੋਗ ਹਾਈ ਕੋਰਟ ਵੱਲੋਂ ਰੋਕ ਲਗਾਈ ਗਈ ਹੈ ਤਾਂ ਇਨ੍ਹਾਂ ਨੂੰ ਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਅਨੁਸਾਰ, ਅਜਿਹੇ ਗੀਤ ਗਾਉਣ ਨਾਲ ਕਾਨੂੰਨੀ ਹਦਾਇਤਾਂ ਦੀ ਉਲੰਘਣਾ ਦਾ ਮਾਮਲਾ ਬਣ ਸਕਦਾ ਹੈ।
ਦਸਹਿਰੇ ਦੇ ਸਮਾਗਮ ’ਚ ਆਉਣ ਦਾ ਵਿਰੋਧ ਨਹੀਂ
ਪੰਡਿਤ ਰਾਓ ਤਰੇਨਵਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਬੱਬੂ ਮਾਨ ਦੇ ਖੰਨਾ ਆਉਣ ਜਾਂ ਸਮਾਗਮ ਵਿੱਚ ਸ਼ਾਮਲ ਹੋਣ ’ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਦੀ ਮੰਗ ਸਿਰਫ਼ ਇਹ ਹੈ ਕਿ ਗਾਇਕ ਅਜਿਹੇ ਗੀਤ ਨਾ ਗਾਉਣ, ਜਿਨ੍ਹਾਂ ਰਾਹੀਂ ਹਥਿਆਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੋਵੇ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਸਮਾਗਮ ਦੌਰਾਨ ਲਾਗੂ ਕਾਨੂੰਨੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਮਾਮਲੇ ਨੂੰ ਲੈ ਕੇ ਪੰਡਿਤ ਰਾਓ ਤਰੇਨਵਰ ਨੇ ਖੰਨਾ ਦੇ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਸੌਂਪੀ ਹੈ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਸ਼ਿਕਾਇਤ ’ਤੇ ਕੀ ਕਦਮ ਚੁੱਕਦਾ ਹੈ ਅਤੇ ਦਸਹਿਰੇ ਦੇ ਸਮਾਗਮ ਦੌਰਾਨ ਗਾਇਕ ਦੇ ਪ੍ਰੋਗਰਾਮ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਜਾਂਦੇ ਹਨ।
