ਫਾਰਮੇਸੀ ਅਫਸਰ ਪੇਪਰ ਲੀਕ ਮਾਮਲੇ ‘ਚ 16 ਉਮੀਦਵਾਰਾਂ ਨੂੰ ਅਦਾਲਤ ਤੋਂ ਰਾਹਤ
Faridkot Pharmacy Recruitment Paper Leak Case; ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲੋਂ ਕਰਵਾਈ ਗਈ ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਦੇ ਪੇਪਰ ਲੀਕ ਅਤੇ ਹਾਈਟੈਕ ਨਕਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਰੇ 16 ਉਮੀਦਵਾਰਾਂ ਨੂੰ ਫਰੀਦਕੋਟ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ।
ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦਲਜੀਤ ਕੌਰ ਦੀ ਅਦਾਲਤ ਨੇ ਸਾਰੇ ਮੁਲਜ਼ਮਾਂ ਦੀ ਨਿਯਮਤ ਜ਼ਮਾਨਤ ਮਨਜ਼ੂਰ ਕਰ ਲਈ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਰਿਕਾਰਡ ’ਤੇ ਅਜਿਹਾ ਕੋਈ ਸਬੂਤ ਨਹੀਂ ਹੈ, ਜਿਸ ਦੇ ਆਧਾਰ ’ਤੇ ਜਾਂਚ ਲਈ ਇਨ੍ਹਾਂ ਮੁਲਜ਼ਮਾਂ ਨੂੰ ਲਗਾਤਾਰ ਹਿਰਾਸਤ ਵਿੱਚ ਰੱਖਣਾ ਜ਼ਰੂਰੀ ਹੋਵੇ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ 19 ਜੁਲਾਈ 2026 ਨੂੰ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਨਾਲ ਜੁੜਿਆ ਹੋਇਆ ਹੈ। ਦੋਸ਼ ਲਗਾਇਆ ਗਿਆ ਸੀ ਕਿ ਕਈ ਉਮੀਦਵਾਰਾਂ ਨੇ ਪ੍ਰੀਖਿਆ ਦੌਰਾਨ ਬਲੂਟੁੱਥ ਰਿਸੀਵਰ ਅਤੇ ਛੋਟੇ ਈਅਰਪੀਸ ਵਰਗੇ ਇਲੈਕਟ੍ਰਾਨਿਕ ਉਪਕਰਣਾਂ ਦੀ ਮਦਦ ਨਾਲ ਹਾਈਟੈਕ ਤਰੀਕੇ ਨਾਲ ਨਕਲ ਕੀਤੀ।
ਇਸ ਮਾਮਲੇ ਵਿੱਚ 20 ਜੁਲਾਈ ਨੂੰ ਸਾਈਬਰ ਕ੍ਰਾਈਮ ਥਾਣਾ ਫਰੀਦਕੋਟ ਵਿੱਚ ਉਮੀਦਵਾਰਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 318(4), 61(2), 112 ਅਤੇ ਆਈਟੀ ਐਕਟ ਦੀ ਧਾਰਾ 66-ਡੀ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।
ਬਚਾਅ ਪੱਖ ਦੀਆਂ ਦਲੀਲਾਂ
ਬਚਾਅ ਪੱਖ ਦੇ ਵਕੀਲ ਐਡਵੋਕੇਟ ਮਨਦੀਪ ਚਾਨਣਾ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਕਈ ਉਮੀਦਵਾਰਾਂ ਦੇ ਨਾਮ ਮੂਲ ਐਫਆਈਆਰ ਵਿੱਚ ਸ਼ਾਮਲ ਨਹੀਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੁਝ ਉਮੀਦਵਾਰਾਂ ਦੀ ਤਲਾਸ਼ੀ ਦੌਰਾਨ ਕੋਈ ਵੀ ਇਲੈਕਟ੍ਰਾਨਿਕ ਡਿਵਾਈਸ ਜਾਂ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ। ਇਸ ਤੋਂ ਇਲਾਵਾ ਕੁਝ ਉਮੀਦਵਾਰਾਂ ਦੇ ਰੋਲ ਨੰਬਰ ਵੀ ਐਫਆਈਆਰ ਵਿੱਚ ਦਰਜ ਨਹੀਂ ਸਨ।
ਸਰਕਾਰੀ ਪੱਖ ਨੇ ਕੀਤਾ ਵਿਰੋਧ
ਸਰਕਾਰੀ ਵਕੀਲ ਸਤਨਾਮ ਸਿੰਘ ਗਿੱਲ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਮਾਮਲਾ ਸਰਕਾਰੀ ਭਰਤੀ ਪ੍ਰੀਖਿਆ ਵਿੱਚ ਧਾਂਧਲੀ ਨਾਲ ਜੁੜਿਆ ਹੋਇਆ ਹੈ ਅਤੇ ਜਾਂਚ ਅਜੇ ਜਾਰੀ ਹੈ।
ਅਦਾਲਤ ਨੇ ਦਿੱਤੀ ਜ਼ਮਾਨਤ
ਅਦਾਲਤ ਨੇ ਕਿਹਾ ਕਿ ਦੋਸ਼ ਗੰਭੀਰ ਹਨ, ਪਰ ਸਿਰਫ਼ ਦੋਸ਼ਾਂ ਦੀ ਗੰਭੀਰਤਾ ਦੇ ਆਧਾਰ ’ਤੇ ਕਿਸੇ ਦੀ ਜ਼ਮਾਨਤ ਰੱਦ ਨਹੀਂ ਕੀਤੀ ਜਾ ਸਕਦੀ।
ਅਦਾਲਤ ਨੇ ਸਾਰੇ 16 ਉਮੀਦਵਾਰਾਂ ਨੂੰ 20-20 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੀ ਇੱਕ-ਇੱਕ ਜ਼ਮਾਨਤ ਪੇਸ਼ ਕਰਨ ਦੀ ਸ਼ਰਤ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।
ਜ਼ਮਾਨਤ ਮਿਲਣ ਵਾਲੇ 16 ਉਮੀਦਵਾਰ:
ਸੂਰਜ ਕੁਮਾਰ, ਕੁਲਵੰਤ ਸਿੰਘ, ਗੁਰਪਿੰਦਰ ਸਿੰਘ, ਕੁਲਦੀਪ ਸਿੰਘ, ਗਗਨਦੀਪ ਸਿੰਘ, ਜਸਕਰਨ ਸਿੰਘ, ਰਿੰਕੂ, ਜਸਵੀਰ ਸਿੰਘ, ਅਕਸ਼ਦੀਪ ਸਿੰਘ, ਅਮਨਦੀਪ ਸ਼ਰਮਾ, ਸਤਨਾਮ ਸਿੰਘ, ਗੌਰਵ ਚੌਹਾਨ, ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਕੁਲਵਿੰਦਰ ਸਿੰਘ ਅਤੇ ਗੁਰਸ਼ਵਾਕ ਸਿੰਘ।
