ਜੱਗੀ ਜੌਹਲ ਦੀ ਰਿਹਾਈ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਅਹਿਮ ਹੁਕਮ ਕੀਤੇ ਜਾਰੀ
Court issues orders on Jaggi Johal’s release: ਨਵੀਂ ਦਿੱਲੀ: ਜੱਗੀ ਜੌਹਲ ਉਰਫ਼ ਜਗਤਾਰ ਸਿੰਘ ਜੌਹਲ ਦੀ ਰਿਹਾਈ ਨੂੰ ਲੈ ਕੇ ਦਿੱਲੀ ਹਾਈਕੋਰਟ ਦੀ ਡਿਵੀਜ਼ਨ ਬੈਂਚ ਵਿੱਚ ਅੱਜ ਸੁਣਵਾਈ ਹੋਈ। ਅਦਾਲਤ ਨੇ ਕਿਹਾ ਕਿ ਜੱਗੀ ਜੌਹਲ ਨੂੰ ਦੁਪਹਿਰ 2:30 ਵਜੇ ਤੱਕ ਰਿਹਾਅ ਕੀਤਾ ਜਾਵੇ। ਜੇਕਰ ਇਸ ਸਮੇਂ ਤੱਕ ਰਿਹਾਈ ਨਹੀਂ ਹੁੰਦੀ ਤਾਂ ਕੋਰਟ ਮਾਮਲੇ ਦੇ ਮੈਰਿਟ ’ਤੇ ਹੁਕਮ ਜਾਰੀ ਕਰੇਗੀ। ਜੱਗੀ ਜੌਹਲ ਨਵੰਬਰ 2017 ਤੋਂ ਹਿਰਾਸਤ ਵਿੱਚ ਹਨ। ਉਨ੍ਹਾਂ ਖ਼ਿਲਾਫ਼ ਪੰਜਾਬ ਵਿੱਚ ਹੋਈਆਂ ਟਾਰਗੇਟ ਕਿਲਿੰਗਜ਼ ਨਾਲ ਸਬੰਧਤ ਮਾਮਲਿਆਂ ਵਿੱਚ NIA ਦੀ ਜਾਂਚ ਦੇ ਆਧਾਰ ’ਤੇ ਕੇਸ ਦਰਜ ਕੀਤੇ ਗਏ ਸਨ।
ਦਿੱਲੀ ਹਾਈਕੋਰਟ ਵਿੱਚ ਉਨ੍ਹਾਂ ਨਾਲ ਸਬੰਧਤ ਕਈ ਕ੍ਰਿਮਿਨਲ ਅਪੀਲਾਂ ਲੰਬਿਤ ਸਨ। ਇਨ੍ਹਾਂ ਵਿੱਚ CRL.A. 493/2023, 538/2023, 539/2023, 540/2023, 541/2023, 569/2024 ਅਤੇ 577/2024 ਸ਼ਾਮਲ ਹਨ।
18 ਸਤੰਬਰ ਨੂੰ ਮਿਲੀ ਸੀ ਜ਼ਮਾਨਤ
ਦਿੱਲੀ ਹਾਈਕੋਰਟ ਦੀ ਡਿਵੀਜ਼ਨ ਬੈਂਚ ਨੇ 18 ਸਤੰਬਰ 2026 ਨੂੰ ਇਨ੍ਹਾਂ ਮਾਮਲਿਆਂ ਵਿੱਚ ਜੱਗੀ ਜੌਹਲ ਨੂੰ ਜ਼ਮਾਨਤ ਦੇਣ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਲੰਬੀ ਹਿਰਾਸਤ ਅਤੇ ਟਰਾਇਲ ਵਿੱਚ ਹੋ ਰਹੀ ਦੇਰੀ ਨੂੰ ਮੁੱਖ ਤੌਰ ’ਤੇ ਧਿਆਨ ਵਿੱਚ ਰੱਖਿਆ ਸੀ। ਅਦਾਲਤੀ ਹੁਕਮ ਮੁਤਾਬਕ ਜੱਗੀ ਜੌਹਲ 8 ਸਾਲ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਸਨ। ਟਰਾਇਲ ਦੌਰਾਨ ਹੁਣ ਤੱਕ ਕਰੀਬ 40 ਗਵਾਹਾਂ ਦੀ ਗਵਾਹੀ ਹੋ ਚੁੱਕੀ ਸੀ, ਜਦਕਿ ਲਗਭਗ 123 ਗਵਾਹਾਂ ਦੀ ਗਵਾਹੀ ਅਜੇ ਬਾਕੀ ਦੱਸੀ ਗਈ। ਅਦਾਲਤ ਨੇ ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਜ਼ਮਾਨਤ ਦੇਣ ਦਾ ਹੁਕਮ ਕੀਤਾ ਸੀ।
18 ਸਤੰਬਰ ਦੇ ਜ਼ਮਾਨਤ ਹੁਕਮ ਤੋਂ ਬਾਅਦ ਹੁਣ ਰਿਹਾਈ ਦੀ ਪ੍ਰਕਿਰਿਆ ਨੂੰ ਲੈ ਕੇ ਅੱਜ ਮੁੜ ਸੁਣਵਾਈ ਹੋਈ। ਡਿਵੀਜ਼ਨ ਬੈਂਚ ਨੇ 2:30 ਵਜੇ ਤੱਕ ਰਿਹਾਈ ਦੇ ਨਿਰਦੇਸ਼ ਦਿੱਤੇ ਹਨ।
