ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਸਸਕਾਰ, ਪਿਤਾ ਤਰਸੇਮ ਸਿੰਘ ਨੇ ਦਿੱਤੀ ਅਗਨੀ
- ਸਸਕਾਰ ਮੌਕੇ ਪਤਨੀ ਕਿਰਨਦੀਪ ਕੌਰ ਵੀ ਰਹੀ ਮੌਜੂਦ
- ਅੰਤਿਮ ਰਸਮਾਂ ਤੋਂ ਬਾਅਦ ਪੁਲਿਸ ਅੰਮ੍ਰਿਤਪਾਲ ਨੂੰ ਵਾਪਸ ਲੈ ਕੇ ਰਵਾਨਾ
ਅੰਮ੍ਰਿਤਸਰ: ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸਸਕਾਰ ਮੌਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਚਰਨ ਕੌਰ ਨੂੰ ਅਗਨੀ ਦਿੱਤੀ। ਇਸ ਮੌਕੇ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਵੀ ਉਨ੍ਹਾਂ ਦੇ ਨਾਲ ਪਹੁੰਚੀ। ਅੰਤਿਮ ਸਸਕਾਰ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਉੱਥੇ ਇਕੱਠੇ ਹੋਏ ਲੋਕਾਂ ਦਾ ਹੱਥ ਜੋੜ ਕੇ ਕੇ ਸਭ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਵਾਪਸ ਲਿਜਾਣ ਲਈ ਗੱਡੀ ਵਿੱਚ ਬਿਠਾ ਲਿਆ। ਉਹ ਦਾਦੀ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਅਦਾਲਤ ਵੱਲੋਂ ਮਿਲੀ ਤਿੰਨ ਘੰਟਿਆਂ ਦੀ ਕਸਟਡੀ ਪੈਰੋਲ ’ਤੇ ਆਪਣੇ ਜੱਦੀ ਪਿੰਡ ਜਲੂਪੁਰ ਖੇੜਾ ਪਹੁੰਚੇ ਸਨ।
ਪਹਿਲਾਂ ਅੱਜ ਸਵੇਰੇ ਹੀ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਲੈ ਕੇ ਪਹੁੰਚੀ। ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਤੋਂ ਅੰਮ੍ਰਿਤਸਰ ਹਵਾਈ ਜਹਾਜ਼ ਰਾਹੀਂ ਲਿਆਂਦਾ ਗਿਆ। ਉਹ ਕਰੀਬ ਸਾਢੇ ਤਿੰਨ ਸਾਲ ਬਾਅਦ ਪੰਜਾਬ ਆਏ। ਇਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਬੁਲੇਟਪਰੂਫ ਗੱਡੀ ‘ਚ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਲੈ ਕੇ ਪਹੁੰਚੀ। ਜਿੱਥੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਦਾਦੀ ਦੇ ਅੰਤਿਮ ਦਰਸ਼ਨ ਕੀਤੇ।
ਉਨ੍ਹਾਂ ਨੇ ਪਰਿਵਾਰ ਨਾਲ ਲਗਭਗ ਇੱਕ ਘੰਟਾ ਬਿਤਾਇਆ। ਜਿਸ ਤੋਂ ਬਾਅਦ ਪਰਿਵਾਰ ਮਾਤਾ ਚਰਨ ਕੌਰ ਦੀ ਮ੍ਰਿਤਕ ਦੇਹ ਨੂੰ ਟਰਾਲੀ ‘ਚ ਲੈ ਕੇ ਸਸਕਾਰ ਵਾਲੀ ਥਾਂ ‘ਤੇ ਪਹੁੰਚਿਆ। ਅੰਮ੍ਰਿਤਪਾਲ ਵੀ ਖੁਦ ਪਰਿਵਾਰ ਨਾਲ ਟਰਾਲੀ ‘ਚ ਸਵਾਰ ਹੋ ਕੇ ਸਸਕਾਰ ਵਾਲੀ ਥਾਂ ‘ਤੇ ਗਏ।