8 ਸਾਲ ਦੀ ਬੱਚੀ ਦੀ ਮੌਤ: ਪਰਿਵਾਰ ਨੇ ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ, ਪੁਲਿਸ ‘ਤੇ ਗੰਭੀਰ ਇਲਜ਼ਾਮ
ਲੁਧਿਆਣਾ, 30 ਜੁਲਾਈ 2025 – ਲੁਧਿਆਣਾ ‘ਚ ਅੱਜ ਇੱਕ ਦਰਦਨਾਕ ਘਟਨਾ ਸਾਹਮਣੇ ਆਈ, ਜਿੱਥੇ ਇੱਕ 8 ਸਾਲ ਦੀ ਬੱਚੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਲਾਸ਼ ਲੈ ਕੇ ਡੀਸੀ ਦਫ਼ਤਰ ਪਹੁੰਚੇ ਅਤੇ ਇਨਸਾਫ ਦੀ ਮੰਗ ਕਰਦੇ ਹੋਏ ਧਰਨਾ ਦਿੱਤਾ। ਮ੍ਰਿਤਕ ਦੇ ਪਿਤਾ ਨੇ ਪੁਲਿਸ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਗੈਰਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਕੁੱਟਮਾਰ ਕੀਤੀ ਗਈ।
ਉਹਨਾਂ ਦਾ ਇਲਜ਼ਾਮ ਹੈ ਕਿ ਕਿਸੇ ਨੌਜਵਾਨ ਵੱਲੋਂ ਇੱਕ ਨਾਬਾਲਗ ਲੜਕੀ ਨੂੰ ਭਜਾਉਣ ਦੀ ਘਟਨਾ ‘ਚ ਉਹਨਾਂ ਨੂੰ ਬਿਨਾਂ ਕਿਸੇ ਪੱਕੇ ਸਬੂਤ ਦੇ ਫੜਿਆ ਗਿਆ ਅਤੇ ਪੁਲਿਸ ਨੇ ਆਪਣੀ ਹਿਰਾਸਤ ‘ਚ ਰੱਖ ਕੇ ਉਨ੍ਹਾਂ ਨਾਲ ਜਬਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ 8 ਸਾਲ ਦੀ ਬੱਚੀ ਗੰਭੀਰ ਬੀਮਾਰ ਸੀ, ਪਰ ਪੁਲਿਸ ਨੇ ਇਲਾਜ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਰਕੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਇਲਾਜ ਵਿੱਚ ਹੋਈ ਦੇਰੀ, ਹਿਰਾਸਤ ਵਿੱਚ ਮਾਨਸਿਕ ਤਣਾਅ ਅਤੇ ਪੁਲਿਸ ਵੱਲੋਂ ਹੋਈ ਕੁੱਟਮਾਰ ਕਾਰਨ ਬੱਚੀ ਨੇ ਦਮ ਤੋੜ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ “ਵਿਸ਼ਾਲ” ਨਾਮਕ ਇਕ ਵਿਅਕਤੀ ਉੱਤੇ ਵੀ ਸਾਜ਼ਿਸ਼ ‘ਚ ਸ਼ਾਮਿਲ ਹੋਣ ਦੇ ਗੰਭੀਰ ਇਲਜ਼ਾਮ ਲਗਾ ਰਹੇ ਹਨ।
ਦੂਜੇ ਪਾਸੇ, ਮੌਕੇ ‘ਤੇ ਮੌਜੂਦ ਸੀਨਿਅਰ ਪੁਲਿਸ ਅਧਿਕਾਰੀ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਵਿਅਕਤੀ ਨੂੰ ਗੈਰਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਨਹੀਂ ਰੱਖਿਆ ਗਿਆ ਸੀ ਅਤੇ ਸਾਰੀ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਾਮਲਾ ਸੰਵેਦਨਸ਼ੀਲ ਹੈ ਅਤੇ ਕਾਨੂੰਨੀ ਤਰੀਕੇ ਨਾਲ ਪੂਰੀ ਤਫਤੀਸ਼ ਹੋਵੇਗੀ।