ਡੇਂਗੂ ਨੇ ਮਚਾਇਆ ਕਹਿਰ, ਅਮਰਗੜ੍ਹ ‘ਚ ਭਿਆਨਕ ਬਿਮਾਰੀ ਨਾਲ ਹੋਈਆਂ ਅੱਠ ਮੌਤਾਂ

Dengue deaths; ਭਾਵੇਂ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਪਰ ਅਮਰਗੜ੍ਹ ਅੰਦਰ ਸਥਿਤੀ ਇਸ ਤੋਂ ਕੁਝ ਵੱਖਰੀ ਬਣੀ ਹੋਈ ਹੈ। ਨਗਰ ਪੰਚਾਇਤਾਂ ਅਮਰਗੜ੍ਹ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ ਦੱਸਿਆ ਕਿ ਨਗਰ ਪੰਚਾਇਤ ਅਮਰਗੜ੍ਹ ਅਧੀਨ ਪੈਂਦੇ ਸ਼ਹੀਦ ਭਗਤ ਸਿੰਘ ਨਗਰ ਦੇ ਵਾਰਡ ਨੰਬਰ ਇੱਕ ‘ਚ ਹੁਣ ਤੱਕ ਡੇਂਗੂ ਨਾਲ ਛੇ ਮੌਤਾਂ ਹੋ ਚੁੱਕੀਆਂ ਹਨ। 100 ਤੋਂ ਜਿਆਦਾ ਮਰੀਜ਼ ਵੱਖ-ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ।
ਸ਼ਹੀਦ ਭਗਤ ਸਿੰਘ ਨਗਰ ‘ਚ ਹੋਈਆਂ ਛੇ ਮੌਤਾਂ ਤੋਂ ਬਾਅਦ ਅੱਜ ਅਮਰਗੜ੍ਹ ਡੇਂਗੂ ਨਾਲ ਹੋਈਆਂ ਦੋ ਮੌਤਾਂ ਹੋਰ ਹੋਣ ਦੀ ਖ਼ਬਰ ਮਿਲਦੇ ਹੀ ਸਾਬਕਾ ਵਿਧਾਇਕ ਤੇ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਵੱਲੋਂ ਐੱਸਐਮਓ ਡਾ.ਅਮਨਦੀਪ ਕੌਰ ਨਾਲ ਮੁਲਾਕਾਤ ਕੀਤੀ ਗਈ। ਜਿਸ ਦੌਰਾਨ ਜਿੱਥੇ ਉਹਨਾਂ ਮੁਢਲਾ ਸਿਹਤ ਕੇਂਦਰ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੀ ਗੱਲ ਆਖੀ,ਉਥੇ ਹੀ ਉਨ੍ਹਾਂ ਸਿਹਤ ਵਿਭਾਗ ਨੂੰ ਡੇਂਗੂ ਨੂੰ ਠੱਲਣ ਲਈ ਵੱਖ-ਵੱਖ ਬਸਤੀਆਂ ਤੇ ਮੁਹੱਲਿਆ ‘ਚ ਪਹੁੰਚ ਕੇ ਡੇਂਗੂ ਦੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕਰਨ ਦੀ ਮੰਗ ਕੀਤੀ।
ਉੱਥੇ ਹੀ ਪੂਰੇ ਮਾਮਲੇ ਸਬੰਧੀ ਜਦੋਂ ਐਸਐਮਓ ਡਾ.ਅਮਨਦੀਪ ਕੌਰ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਹੋਈਆਂ ਮੌਤਾਂ ਸਬੰਧੀ ਅਣਜਾਣਤਾ ਪ੍ਰਗਟਾਉਂਦੇ ਹੋਏ ਡੇਂਗੂ ਨਾਲ ਹੋਈ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ। ਮੁੱਢਲਾ ਸਿਹਤ ਕੇਂਦਰ ‘ਚ ਡਾਕਟਰਾਂ ਦੀ ਘਾਟ ਅਤੇ ਰਾਤ ਸਮੇਂ ਐਮਰਜੈਂਸੀ ਸੇਵਾਵਾਂ ਬੰਦ ਹੋਣ ਦੀ ਗੱਲ ਨੂੰ ਕਬੂਲਦੇ ਹੋਏ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਧਿਆਨ ‘ਚ ਲਿਆ ਕੇ ਜਲਦ ਹੀ ਡਾਕਟਰਾਂ ਦੀ ਘਾਟ ਪੂਰੀ ਕੀਤੀ ਜਾਵੇਗੀ। ਉਨ੍ਹਾਂ ਡੇਂਗੂ ਦੇ ਬਚਾਅ ਲਈ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਸਾਵਧਾਨੀਆਂ ਰੱਖਣ ਦੀ ਅਪੀਲ ਕੀਤੀ।