ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਡੀਜੀਪੀ ਦੀ ਵਿਸ਼ੇਸ਼ ਪ੍ਰੈੱਸ ਕਾਨਫਰੰਸ, ਵਿਸ਼ੇਸ਼ ਐਪ ਕੀਤੀ ਲਾਂਚ

Punjab DGP Gourav Yadav; ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਅੱਜ ਅੰਮ੍ਰਿਤਸਰ ‘ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅਹਿਮ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸਰਹੱਦੀ ਇਲਾਕਿਆਂ ‘ਚ ਨਸ਼ਿਆਂ ਤੇ ਛੋਟੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਪੁਲਿਸ, ਬਾਰਡਰ ਫੋਰਸ ਤੇ ਸੀਨੀਅਰ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਕੀਤੀ ਗਈ। ਡੀਜੀਪੀ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ ਤੇ ਹੁਣ ਤੱਕ ਵੱਡੀਆਂ ਹੈਰੋਇਨ ਦੀਆਂ ਖੇਪਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਡੀਜੀਪੀ ਨੇ ਖਾਸ ਤੌਰ ਤੇ ਇਕ ਨਵੀਂ ਐਪ ਦੇ ਲਾਂਚ ਹੋਣ ਦੀ ਜਾਣਕਾਰੀ ਦਿੱਤੀ। ਇਸ ਐਪ ਰਾਹੀਂ ਲੋਕ ਨਸ਼ਿਆਂ ਜਾਂ ਅਪਰਾਧੀਆਂ ਬਾਰੇ ਕੋਈ ਵੀ ਜਾਣਕਾਰੀ ਗੁਪਤ ਤੌਰ ਤੇ ਪੁਲਿਸ ਨਾਲ ਸਾਂਝੀ ਕਰ ਸਕਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀ ਪਹਿਚਾਣ ਪੂਰੀ ਤਰ੍ਹਾਂ ਸੁਰੱਖਿਅਤ ਰੱਖੀ ਜਾਵੇਗੀ। ਪ੍ਰੈਸ ਕਾਨਫਰੰਸ ‘ਚ ਡੀਜੀਪੀ ਨੇ ਦੱਸਿਆ ਕਿ ਪਾਕਿਸਤਾਨ ਦੀ ਆਈਐਸਆਈ ਲਗਾਤਾਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੈਰੋਇਨ ਦੇ ਨਾਲ ਨਾਲ ਛੋਟੇ ਹਥਿਆਰ ਵੀ ਡ੍ਰੋਨ ਰਾਹੀਂ ਭੇਜੇ ਜਾ ਰਹੇ ਹਨ, ਜਿਨ੍ਹਾਂ ਦੀ ਵਰਤੋਂ ਸੂਬੇ ਵਿੱਚ ਕ੍ਰਾਈਮ ਲਈ ਕੀਤੀ ਜਾ ਰਹੀ ਹੈ। ਹਾਲਾਂਕਿ ਐਂਟੀ ਡ੍ਰੋਨ ਸਿਸਟਮ ਦੀ ਮਦਦ ਨਾਲ ਕਾਫ਼ੀ ਹੱਦ ਤੱਕ ਇਸ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ।
ਡੀਜੀਪੀ ਨੇ ਅੱਗੇ ਕਿਹਾ ਕਿ ਫਿਰੋਤੀ ਦੀਆਂ ਕਾਲਾਂ ਸਭ ਤੋਂ ਵੱਧ ਲੋਕਲ ਕ੍ਰਿਮਿਨਲ ਵੱਲੋਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਜਦੋਂ ਵੀ ਕਿਸੇ ਨੂੰ ਇਸ ਤਰ੍ਹਾਂ ਦੀ ਕਾਲ ਆਵੇ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਜਾਵੇ। ਉਨ੍ਹਾਂ ਨੇ ਅੰਮ੍ਰਿਤਸਰ ਪੁਲਿਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੀਐਸਐਫ ਦੇ ਸਹਿਯੋਗ ਨਾਲ ਪੁਲਿਸ ਲਗਾਤਾਰ ਅਪਰਾਧੀਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਹੈ।
ਡੀਜੀਪੀ ਨੇ ਸਪਸ਼ਟ ਕੀਤਾ ਪਾਕਿਸਤਾਨ ਚਾਹੁੰਦਾ ਹੈ ਕਿ ਪੰਜਾਬ ਦੇ ਨੌਜਵਾਨ ਵੱਧ ਤੋਂ ਵੱਧ ਨਸ਼ਿਆਂ ‘ਚ ਗ੍ਰਸਤ ਹੋਣ, ਪਰ ਅਸੀਂ ਉਹਨਾਂ ਦੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ। ਨੌਜਵਾਨਾਂ ਨੂੰ ਅਪੀਲ ਕਰਦਿਆਂ ਡੀਜੀਪੀ ਨੇ ਕਿਹਾ ਕਿ ਉਹ ਬਾਹਰ ਬੈਠੇ ਅਪਰਾਧੀਆਂ ਦੀਆਂ ਗੱਲਾਂ ‘ਚ ਨਾ ਆਉਣ ਤੇ ਆਪਣੇ ਭਵਿੱਖ ਨੂੰ ਕ੍ਰਾਈਮ ਦੇ ਰਸਤੇ ਤੇ ਤਬਾਹ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਤੇ ਹਰ ਹਾਲਤ ‘ਚ ਸਰਹੱਦ ਪਾਰੋਂ ਹੋਣ ਵਾਲੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ।