ਪੰਜ ਤੱਤਾਂ ‘ਚ ਵਿਲੀਨ ਹੋਏ DIG ਪਰਮਿੰਦਰ ਸਿੰਘ, ਦਰਦਨਾਕ ਸੜਕ ਹਾਦਸੇ ‘ਚ ਗਈ ਸੀ ਜਾਨ
DIG Parminder Singh funeral; ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ITBP ਦੇ DIG ਪਰਮਿੰਦਰ ਸਿੰਘ (54) ਦਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਹਾਦਸੇ ਵਿੱਚ ਉਨ੍ਹਾਂ ਦੇ ਡਰਾਈਵਰ ਰਵੀ ਸ਼ੰਕਰ ਦੀ ਵੀ ਮੌਤ ਹੋ ਗਈ। ਪਰਮਿੰਦਰ ਸਿੰਘ ਮਸੂਰੀ ਵਿੱਚ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਕਾਰ ਰਾਹੀਂ ਅੰਬਾਲਾ ਪਰਤ ਰਹੇ ਸਨ। ਪਰਮਿੰਦਰ ਸਿੰਘ ਨੇ 2025 ਵਿੱਚ ਉਤਰਾਖੰਡ ਦੇ ਧਰਾਲੀ ਵਿੱਚ ਆਈ ਭਿਆਨਕ ਆਫ਼ਤ ਤੋਂ ਬਾਅਦ ਚੱਲੇ ਆਈ.ਟੀ.ਬੀ.ਪੀ. ਦੇ ਰੈਸਕਿਊ ਆਪ੍ਰੇਸ਼ਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਧਰਾਲੀ ਵਿੱਚ ਫਲੈਸ਼ ਫਲੱਡ ਤੋਂ ਬਾਅਦ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਵਿੱਚ ਉਨ੍ਹਾਂ ਦੀ ਦੇਖ-ਰੇਖ ਹੇਠ ਆਈ.ਟੀ.ਬੀ.ਪੀ. ਦੀਆਂ ਟੀਮਾਂ ਜੁਟੀਆਂ ਹੋਈਆਂ ਸਨ।
ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਸਕਾਰਪੀਓ
ਸ਼ਨੀਵਾਰ ਸਵੇਰੇ ਕਰੀਬ 10:30 ਵਜੇ ਪਰਮਿੰਦਰ ਸਿੰਘ ਆਪਣੇ ਡਰਾਈਵਰ ਰਵੀ ਸ਼ੰਕਰ ਅਤੇ ਗਨਰ ਜੈਰਾਮ ਨਾਲ ਸਕਾਰਪੀਓ ਵਿੱਚ ਸਵਾਰ ਹੋ ਕੇ ਅੰਬਾਲਾ ਜਾ ਰਹੇ ਸਨ। ਦੇਹਰਾਦੂਨ-ਪੰਚਕੂਲਾ ਨੈਸ਼ਨਲ ਹਾਈਵੇਅ ‘ਤੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਸਕਾਰਪੀਓ ਉਛਲ ਕੇ ਦੂਜੀ ਲੇਨ ਵਿੱਚ ਚਲੀ ਗਈ ਅਤੇ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਨਾਲ ਜਾ ਟਕਰਾਈ।
ਧਮਾਕੇ ਵਰਗੀ ਆਈ ਆਵਾਜ਼
ਟੱਕਰ ਇੰਨੀ ਜ਼ੋਰਦਾਰ ਸੀ ਕਿ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਸਕਾਰਪੀਓ ਦਾ ਸਾਈਡ ਵਾਲਾ ਹਿੱਸਾ ਅਤੇ ਸਵਿਫਟ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਗੱਡੀਆਂ ਵਿੱਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਡਰਾਈਵਰ ਰਵੀ ਸ਼ੰਕਰ ਨੂੰ ਮ੍ਰਿਤਕ ਐਲਾਨ ਦਿੱਤਾ। ਗਨਰ ਜੈਰਾਮ ਦੀ ਹਾਲਤ ਗੰਭੀਰ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਜੈਰਾਮ (36) ਪਟਿਆਲਾ ਦਾ ਰਹਿਣ ਵਾਲਾ ਹੈ।
ਸ਼੍ਰੀਨਗਰ ਵਿੱਚ ਤਾਇਨਾਤ ਸੀ ਪਰਮਿੰਦਰ ਸਿੰਘ
ਪਰਮਿੰਦਰ ਸਿੰਘ ਮੌਜੂਦਾ ਸਮੇਂ ਵਿੱਚ ਆਈ.ਟੀ.ਬੀ.ਪੀ. ਵਿੱਚ ਡੀ.ਆਈ.ਜੀ. ਦੇ ਅਹੁਦੇ ‘ਤੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿੱਚ ਤਾਇਨਾਤ ਸਨ। ਪਰਿਵਾਰ ਮੁਤਾਬਕ ਉਨ੍ਹਾਂ ਦੇ ਇੱਕ ਭਰਾ ਐੱਨ.ਐੱਫ.ਐੱਲ. (NFL) ਤੋਂ ਰਿਟਾਇਰਡ ਹਨ, ਜਦੋਂ ਕਿ ਉਨ੍ਹਾਂ ਤੋਂ ਛੋਟੇ ਭਰਾ ਬੀ.ਐੱਸ.ਐੱਫ. (BSF) ਵਿੱਚ ਡੀ.ਆਈ.ਜੀ. ਦੇ ਅਹੁਦੇ ‘ਤੇ ਸੇਵਾ ਨਿਭਾ ਰਹੇ ਹਨ। ਚੌਥੇ ਭਰਾ ਸਕੂਲ ਲੈਕਚਰਾਰ ਹਨ। ਪਰਮਿੰਦਰ ਸਿੰਘ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਪੁੱਤਰ ਹਨ।
ਉਤਰਾਖੰਡ ਵਿੱਚ ਸੰਭਾਲਿਆ ਸੀ ਰੈਸਕਿਊ ਆਪ੍ਰੇਸ਼ਨ
5 ਅਗਸਤ 2025 ਨੂੰ ਉਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਧਰਾਲੀ ਵਿੱਚ ਆਫ਼ਤ ਆਈ ਸੀ। ਖੀਰ ਗੰਗਾ ਵਿੱਚ ਅਚਾਨਕ ਪਾਣੀ ਅਤੇ ਮਲਬੇ ਦਾ ਤੇਜ਼ ਵਹਾਅ ਆਇਆ, ਜਿਸ ਨਾਲ ਧਰਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਤਬਾਹੀ ਹੋਈ। ਘਰ, ਹੋਟਲ, ਦੁਕਾਨਾਂ ਅਤੇ ਸੜਕਾਂ ਮਲਬੇ ਹੇਠ ਦੱਬ ਗਈਆਂ ਸੀ। ਕਈ ਲੋਕ ਲਾਪਤਾ ਹੋ ਗਏ ਸਨ। ਆਫ਼ਤ ਤੋਂ ਬਾਅਦ ਆਈ.ਟੀ.ਬੀ.ਪੀ. ਨੇ ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜ ਚਲਾਏ ਸਨ। ਉਸ ਸਮੇਂ ਡੀ.ਆਈ.ਜੀ. ਪਰਮਿੰਦਰ ਸਿੰਘ ਨੇ ਆਪ੍ਰੇਸ਼ਨ ਨੂੰ ਕੋਆਰਡੀਨੇਟ ਕੀਤਾ ਸੀ। ਉਨ੍ਹਾਂ ਦੀ ਦੇਖ-ਰੇਖ ਵਿੱਚ ਆਈ.ਟੀ.ਬੀ.ਪੀ. ਦੀਆਂ ਟੀਮਾਂ ਪ੍ਰਭਾਵਿਤ ਇਲਾਕੇ ਵਿੱਚ ਪਹੁੰਚੀਆਂ ਅਤੇ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ। ਰੈਸਕਿਊ ਦੇ ਸ਼ੁਰੂਆਤੀ ਪੜਾਅ ਵਿੱਚ ਆਈ.ਟੀ.ਬੀ.ਪੀ. ਨੇ ਕਰੀਬ 130 ਲੋਕਾਂ ਨੂੰ ਸੁਰੱਖਿਅਤ ਕੱਢ ਕੇ ਪ੍ਰਭਾਵਿਤ ਇਲਾਕੇ ਤੋਂ ਬਾਹਰ ਪਹੁੰਚਾਇਆ ਸੀ। ਸੜਕਾਂ ਟੁੱਟਣ, ਪੁਲ ਹੜ੍ਹਨ, ਮਲਬਾ ਜਮ੍ਹਾਂ ਹੋਣ ਅਤੇ ਖ਼ਰਾਬ ਮੌਸਮ ਕਾਰਨ ਰੈਸਕਿਊ ਟੀਮਾਂ ਦੇ ਸਾਹਮਣੇ ਵੱਡੀ ਚੁਣੌਤੀ ਸੀ। ਇਸ ਦੇ ਬਾਵਜੂਦ ਆਈ.ਟੀ.ਬੀ.ਪੀ. ਦੀਆਂ ਟੀਮਾਂ ਕਈ ਦਿਨਾਂ ਤੱਕ ਲੋਕਾਂ ਦੀ ਭਾਲ ਅਤੇ ਰਾਹਤ ਕਾਰਜਾਂ ਵਿੱਚ ਜੁਟੀਆਂ ਰਹੀਆਂ।
