ਫਗਵਾੜਾ ਵਿਚ DSP ਦੀ ਗੋਲੀ ਵੱਜਣ ਨਾਲ ਮੌਤ
Punjab News: ਫਗਵਾੜਾ ਵਿਚ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਡੀ. ਐੱਸ. ਪੀ. ਯੋਗੇਸ਼ ਕੁਮਾਰ ਦੀ ਸ਼ੱਕੀ ਹਾਲਾਤ ਵਿਚ ਕਥਿਤ ਤੌਰ ‘ਤੇ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਸਵੇਰੇ ਲਗਭਗ 7.30 ਵਜੇ ਸਥਾਨਕ ਪੁਲਿਸ ਸਟੇਸ਼ਨ ਸਦਰ ਫਗਵਾੜਾ ਦੇ ਕੋਲ ਸਥਿਤ ਉਨ੍ਹਾਂ ਦੇ ਸਰਕਾਰੀ ਆਵਾਸ ਵਿਚ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਉਨ੍ਹਾਂ ਦੇ ਛਾਤੀ ਵਿਚ ਲੱਗੀ ਜਿਸ ਤੋਂ ਤੁਰੰਤ ਬਾਅਦ ਉਨਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਯੋਗੇਸ਼ ਕੁਮਾਰ ਹਾਲ ਹੀ ਵਿਚ ਏ. ਐੱਨ. ਟੀ. ਐੱਫ. ਪੰਜਾਬ ਤੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਵਿਚ ਏ. ਜੀ. ਸੀ. ਐੱਮ. ਐੱਸ. ਬੋਈ ਵਿਚ ਕੰਮ ਕਰ ਰਹੇ ਸਨ।
ਸ਼ੁਰੂਆਤੀ ਜਾਣਕਾਰੀ ਵਿਚ ਸਾਹਮਣੇ ਆਇਆ ਹੈ ਕਿ ਸਵੇਰੇ ਜਦੋਂ ਉਹ ਆਪਣੀ ਸਰਕਾਰੀ ਰਿਵਾਲਵਰ ਨੂੰ ਸਾਫ ਕਰ ਰਹੇ ਸਨ ਤਾਂ ਅਚਾਨਕ ਗੋਲੀ ਚੱਲ ਗਈ ਜੋ ਯੋਗੇਸ਼ ਕੁਮਾਰ ਦੇ ਸੀਨੇ ਵਿਚ ਜਾ ਲੱਗੀ। ਗੋਲੀ ਦੀ ਆਵਾਜ਼ ਸੁਣਨ ਤੋਂ ਬਾਅਦ ਨੇੜੇ ਰਹਿਣ ਵਾਲੇ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਸਮਾਚਾਰ ਲਿਖਣ ਤੱਕ ਪੁਲਿਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਅਜੇ ਇਹ ਤੱਥ ਸਾਫ਼ ਨਹੀਂ ਹੋ ਸਕਿਆ ਹੈ ਕਿ ਇਹ ਘਟਨਾ ਅਚਾਨਕ ਵਾਪਰੀ ਹੈ ਜਾਂ ਕੁਝ ਹੋਰ ਹੈ। ਪੁਲਸ ਨੇ ਮ੍ਰਿਤਕ ਡੀ. ਐੱਸ. ਪੀ. ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।