Encounter in Kathua:ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਜੰਗਲੀ ਇਲਾਕੇ ਵਿੱਚ ਵੀਰਵਾਰ ਨੂੰ ਪੂਰਾ ਦਿਨ ਚੱਲੀ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ। ਹਾਲਾਂਕਿ, ਐਨਕਾਊਂਟਰ ਦੌਰਾਨ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਓਪਰੇਸ਼ਨ ਗਰੁੱਪ (SOG) ਦੇ ਤਿੰਨ ਜਵਾਨ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਜਵਾਨਾਂ ਦੇ ਪੇਟ ‘ਚ ਵੱਜੀਆਂ ਸੀ ਗੋਲੀਆਂ
ਸ਼ਹੀਦ ਹੋਏ ਤਿੰਨ ਜਵਾਨਾਂ ਦੇ ਨਾਮ ਤਾਰਿਕ ਅਹਿਮਦ, ਜਸਵੰਤ ਸਿੰਘ, ਅਤੇ ਬਲਵਿੰਦਰ ਸਿੰਘ ਹਨ। ਉਨ੍ਹਾਂ ਨੂੰ ਜੰਮੂ ਮੈਡੀਕਲ ਕਾਲਜ (JMC) ਰੈਫਰ ਕੀਤਾ ਗਿਆ ਸੀ। SOG ਦੇ ਇਨ੍ਹਾਂ ਜਵਾਨਾਂ ਨੂੰ ਪੇਟ ਵਿੱਚ ਗੋਲੀ ਲੱਗੀ ਸੀ।
ਐਨਕਾਊਂਟਰ ਦੌਰਾਨ ਜ਼ਖਮੀ ਹੋਏ ਡਿਪਟੀ ਐਸਪੀ ਧੀਰਜ ਸਿੰਘ ਸਮੇਤ ਹੋਰ ਜ਼ਖਮੀਆਂ ਨੂੰ ਉਧਮਪੁਰ ਭੇਜਿਆ ਗਿਆ ਹੈ। ਸੁਰੱਖਿਆ ਬਲਾਂ ਮੁਤਾਬਕ, ਕਠੂਆ ਜ਼ਿਲ੍ਹੇ ਦੇ ਰਾਜਬਾਗ ‘ਚ ਵੀਰਵਾਰ ਸਵੇਰੇ ਲਗਭਗ 8 ਵਜੇ ਗੋਲੀਬਾਰੀ ਸ਼ੁਰੂ ਹੋਈ।
PAF ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਰਾਜਬਾਗ ਦੇ ਘਾਟੀ ਜੁਥਾਨਾ ਇਲਾਕੇ ਦੇ ਜਖੋਲੇ ਪਿੰਡ ਵਿੱਚ ਲਗਭਗ 9 ਅੱਤਵਾਦੀਆਂ ਦੇ ਲੁੱਕੇ ਹੋਣ ਦੀ ਖਬਰ ਮਿਲੀ ਸੀ। ਜੈਸ਼-ਏ-ਮੁਹੰਮਦ ਦੇ ਪ੍ਰਾਕਸੀ ਸੰਗਠਨ ਪੀਪਲਜ਼ ਐਂਟੀ-ਫਾਸਿਸਟ ਫਰੰਟ (PAF) ਨੇ ਪੁਲਿਸ ‘ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।
SOG, ਫੌਜ, BSF ਅਤੇ CRPF ਦੀ ਸੰਯੁਕਤ ਟੀਮ ਨੇ ਅੱਤਵਾਦੀਆਂ ਦੀ ਫੜਨ ਲਈ ਥਰਮਲ ਇਮੇਜਿੰਗ, ਡਰੋਨ, ਹੈਲੀਕਾਪਟਰ, ਬੁਲਟਪਰੂਫ ਵਾਹਨ ਅਤੇ ਖੋਜੀ ਕੁੱਤਿਆਂ ਦੀ ਮਦਦ ਨਾਲ ਸਰਚ ਓਪਰੇਸ਼ਨ ਚਲਾਇਆ।
ਅਧਿਕਾਰੀਆਂ ਮੁਤਾਬਕ, ਸੁਰੱਖਿਆ ਬਲਾਂ ਨੇ ਰਾਤ ਲਈ ਓਪਰੇਸ਼ਨ ਰੋਕ ਦਿੱਤਾ ਹੈ, ਜਿਸ ਕਾਰਨ ਹੁਣ ਤੱਕ ਅੱਤਵਾਦੀਆਂ ਦੀਆਂ ਲਾਸ਼ਾਂ ਨਹੀਂ ਮਿਲ ਸਕੀਆਂ। ਸ਼ੁੱਕਰਵਾਰ ਸਵੇਰੇ ਓਪਰੇਸ਼ਨ ਦੁਬਾਰਾ ਸ਼ੁਰੂ ਕੀਤਾ ਜਾਵੇਗਾ।
23 ਮਾਰਚ ਤੋਂ ਚੱਲ ਰਿਹਾ ਹੈ ਐਂਟੀ ਟੈਰਰਿਸਟ ਓਪਰੇਸ਼ਨ
ਨਿਊਜ਼ ਏਜੰਸੀ PTI ਮੁਤਾਬਕ, 23 ਮਾਰਚ ਨੂੰ ਹੀਰਾਨਗਰ ਸੈਕਟਰ ਵਿੱਚ ਅੱਤਵਾਦੀਆਂ ਦੇ ਇੱਕ ਗਰੁੱਪ ਨੂੰ ਸੁਰੱਖਿਆ ਬਲਾਂ ਨੇ ਘੇਰ ਲਿਆ ਸੀ, ਪਰ ਉਹ ਭੱਜਣ ਵਿੱਚ ਕਾਮਯਾਬ ਰਹੇ। ਮੰਨਿਆ ਜਾ ਰਿਹਾ ਹੈ ਕਿ ਇਹੋ ਜਿਹੇ ਅੱਤਵਾਦੀ ਹਨ, ਜੋ ਸਾਨਿਆਲ ਤੋਂ ਨਿਕਲਕੇ ਜਖੋਲੇ ਪਿੰਡ ਦੇ ਨੇੜੇ ਦੇਖੇ ਗਏ।
ਇਹ ਪਿੰਡ ਹੀਰਾਨਗਰ ਸੈਕਟਰ ਤੋਂ ਲਗਭਗ 30 ਕਿਮੀ ਦੂਰ ਹੈ। ਜਦੋਂ ਹੀ ਸੁਰੱਖਿਆ ਬਲਾਂ ਨੂੰ ਇਸ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਤੁਰੰਤ ਇਲਾਕੇ ਨੂੰ ਘੇਰ ਲਿਆ, ਜਿਸ ਤੋਂ ਬਾਅਦ ਮੁਠਭੇੜ ਸ਼ੁਰੂ ਹੋ ਗਈ। ਇਸ ਦੌਰਾਨ ਫੌਜ ਦੇ ਦੋ ਜਵਾਨ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸੈਨਿਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।