ਪੰਜਾਬ ’ਚ ਪ੍ਰਾਈਵੇਟ ਸਕੂਲ ਘਟੇ, ਪਰ ਦਾਖ਼ਲੇ ਵਧੇ
Enrollment in private schools increases: ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਵਿੱਚ ਕਮੀ ਆਈ ਹੈ, ਪਰ ਹੈਰਾਨੀਜਨਕ ਤੌਰ ’ਤੇ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਵਧੇ ਹਨ। ਕੇਂਦਰੀ ਸਿੱਖਿਆ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2021-22 ਵਿੱਚ ਪੰਜਾਬ ਵਿੱਚ 7,978 ਪ੍ਰਾਈਵੇਟ ਸਕੂਲ ਸਨ, ਜੋ 2025-26 ਵਿੱਚ ਘਟ ਕੇ 7,548 ਰਹਿ ਗਏ। ਇਸ ਤਰ੍ਹਾਂ ਪੰਜ ਸਾਲਾਂ ਵਿੱਚ 430 ਪ੍ਰਾਈਵੇਟ ਸਕੂਲ ਘਟੇ। ਇਸ ਦੇ ਉਲਟ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। 2021-22 ਵਿੱਚ 28,64,397 ਦਾਖ਼ਲੇ ਸਨ, ਜੋ 2025-26 ਵਿੱਚ ਵਧ ਕੇ 31,49,615 ਹੋ ਗਏ। ਭਾਵ ਪੰਜ ਸਾਲਾਂ ਵਿੱਚ 2,85,218 ਦਾਖ਼ਲੇ ਵਧੇ ਹਨ।
ਸਰਕਾਰੀ ਸਕੂਲਾਂ ਦੀ ਗਿਣਤੀ ਵਿੱਚ ਮਾਮੂਲੀ ਕਮੀ
ਪੰਜਾਬ ਵਿੱਚ ਕੁੱਲ ਸਕੂਲਾਂ ਦੀ ਗਿਣਤੀ ਵੀ ਘਟੀ ਹੈ। 2021-22 ਵਿੱਚ 27,701 ਸਕੂਲ ਸਨ, ਜਦਕਿ 2025-26 ਵਿੱਚ ਇਹ ਗਿਣਤੀ 27,233 ਰਹਿ ਗਈ। ਕੁੱਲ 468 ਸਕੂਲ ਘਟੇ ਹਨ। ਅੰਕੜਿਆਂ ਅਨੁਸਾਰ ਪੰਜ ਸਾਲਾਂ ਵਿੱਚ ਸਰਕਾਰੀ ਸਕੂਲਾਂ ਦੀ ਗਿਣਤੀ ਵਿੱਚ ਸਿਰਫ਼ ਡੇਢ ਦਰਜਨ ਦੇ ਕਰੀਬ ਕਮੀ ਆਈ ਹੈ। ਇਸ ਦੌਰਾਨ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਗਿਣਤੀ ਵੀ 450 ਤੋਂ ਘਟ ਕੇ 432 ਰਹਿ ਗਈ। ਇਨ੍ਹਾਂ ਸਕੂਲਾਂ ਵਿੱਚ ਦਾਖ਼ਲੇ ਵੀ ਪੰਜ ਸਾਲਾਂ ਦੌਰਾਨ 15,743 ਘਟੇ ਹਨ।
ਸਰਕਾਰ ਦਾ ਦਾਅਵਾ ਬਨਾਮ ਕੇਂਦਰੀ ਅੰਕੜੇ
ਪੰਜਾਬ ਸਰਕਾਰ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਦੀ ਦਿੱਖ ਅਤੇ ਸਿੱਖਿਆ ਪ੍ਰਬੰਧ ਵਿੱਚ ਵੱਡੇ ਸੁਧਾਰ ਕੀਤੇ ਗਏ ਹਨ ਅਤੇ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਸਰਕਾਰੀ ਸਕੂਲਾਂ ਵੱਲ ਆ ਰਹੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਸਰਕਾਰੀ ਸਕੂਲਾਂ ਵਿੱਚ ਕੀਤੇ ਸੁਧਾਰਾਂ ਦਾ ਜ਼ਿਕਰ ਕਰ ਚੁੱਕੇ ਹਨ। ਹਾਲਾਂਕਿ, ਕੇਂਦਰੀ ਸਿੱਖਿਆ ਮੰਤਰਾਲੇ ਦੇ ਅੰਕੜੇ ਇੱਕ ਵੱਖਰੀ ਤਸਵੀਰ ਪੇਸ਼ ਕਰਦੇ ਹਨ—ਪ੍ਰਾਈਵੇਟ ਸਕੂਲਾਂ ਦੀ ਗਿਣਤੀ ਘਟਣ ਦੇ ਬਾਵਜੂਦ ਉਨ੍ਹਾਂ ਵਿੱਚ ਦਾਖ਼ਲੇ ਲਗਾਤਾਰ ਵਧੇ ਹਨ।
ਪ੍ਰਾਈਵੇਟ ਸਕੂਲਾਂ ਦੀ ਫੀਸ ’ਤੇ ਸਰਕਾਰ ਦੀ ਨਜ਼ਰ
ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਨਿਯਮਤ ਕਰਨ ਲਈ ‘ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ (ਸੋਧ) ਬਿੱਲ-2026’ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸਰਕਾਰ ਦੇ ਪ੍ਰਸਤਾਵ ਮੁਤਾਬਕ ਪ੍ਰਾਈਵੇਟ ਸਕੂਲ ਇੱਕ ਸਾਲ ਵਿੱਚ ਫੀਸ ਵਿੱਚ 5 ਫ਼ੀਸਦੀ ਤੋਂ ਵੱਧ ਵਾਧਾ ਨਹੀਂ ਕਰ ਸਕਣਗੇ। ਸਰਕਾਰ ਦਾ ਮਕਸਦ ਮਾਪਿਆਂ ’ਤੇ ਵਧ ਰਹੇ ਫੀਸ ਦੇ ਬੋਝ ਨੂੰ ਕੰਟਰੋਲ ਕਰਨਾ ਅਤੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੇ ਵਾਧੇ ’ਤੇ ਰੋਕ ਲਗਾਉਣਾ ਦੱਸਿਆ ਜਾ ਰਿਹਾ ਹੈ।
