ਤਾਮਿਲ ਸਿੱਖ ਨੂੰ ਜ਼ਲੀਲ ਤੇ ਅਪਮਾਨਿਤ ਕਰਨ ਵਾਲੇ Air India ਸਟਾਫ਼ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇ : MP ਹਰਸਿਮਰਤ ਕੌਰ ਬਾਦਲ

MP Harsimrat Kaur Badal : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ (Civil Aviation Minister) ਨੂੰ ਅਪੀਲ ਕੀਤੀ ਕਿ ਇਕ ਸਿੱਖ ਮੁਸਾਫਰ ਨੂੰ ਜ਼ਲੀਲ ਤੇ ਅਪਮਾਨਿਤ ਕਰਨ ਵਾਲੇ ਏਅਰ ਇੰਡੀਆ (Air India) ਦੇ ਸਟਾਫ ਮੈਂਬਰਾਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇ ਅਤੇ ਜ਼ੋਰ ਦੇ ਕੇ ਕਿਹਾ ਕਿ ਏਅਰਲਾਈਨ ਸਟਾਫ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਮੁਸਾਫਰਾਂ ਦੇ ਧਾਰਮਿਕ ਚਿੰਨਾ ਨੂੰ ਨਾ ਛੇੜਨ।
ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿਚ ਬਠਿੰਡਾ ਦੇ ਐਮ ਪੀ ਨੇ ਦੱਸਿਆ ਕਿ ਤਾਮਿਲਨਾਡੂ ਦੇ ਸਿੱਖ ਮੁਸਾਫਰ ਜੀਵਨ ਸਿੰਘ ਨੂੰ ਏਅਰ ਇੰਡੀਆ ਦੇ ਸਟਾਫ ਨੇ ਨਵੀਂ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਉਸ ਵੇਲੇ ਜ਼ਲੀਲ ਤੇ ਅਪਮਾਨਿਤ ਕੀਤਾ ਜਦੋਂ ਉਹ ਬੁੱਧਵਾਰ ਨੂੰ ਸਿੰਘਾਪੁਰ ਜਾਣ ਵਾਲੀ ਫਲਾਈਟ ਵਿਚ ਸਵਾਰ ਹੋਣ ਵਾਲੇ ਸਨ। ਉਹਨਾਂ ਦੱਸਿਆ ਕਿ ਜੀਵਨ ਸਿੰਘ ਨੇ 2023 ਵਿਚ ਸਿੱਖ ਧਰਮ ਅਪਣਾਇਆ ਸੀ ਤੇ ਉਹਨਾਂ ਦਾ ਖੁੱਲ੍ਹਾ ਦਾਹੜਾ ਪ੍ਰਕਾਸ਼ ਕੀਤਾ ਹੋਇਆ ਹੈ ਪਰ ਉਹਨਾਂ ਦੀ ਦਿਖ ਜੋ ਏਅਰ ਇੰਡੀਆ ਸਟਾਫ ਨੂੰ ਪਸੰਦ ਨਹੀਂ ਆਈ, ਉਸ ਕਾਰਨ ਉਹਨਾਂ ਨੂੰ ਜ਼ਲੀਲ ਤੇ ਅਪਮਾਨਿਤ ਕੀਤਾ ਗਿਆ।
ਬਾਦਲ ਨੇ ਕਿਹਾ ਕਿ ਸਾਰੇ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਸਟਾਫ ਨੇ ਜੀਵਨ ਸਿੰਘ ਨੂੰ ਪੁੱਛਿਆ ਕਿ ਉਹ ਸਿੰਘਾਪੁਰ ਕਿਉਂ ਜਾ ਰਹੇ ਹਨ, ਉਹਨਾਂ ਕੋਲ ਕਿੰਨੇ ਪੈਸੇ ਹਨ, ਉਹਨਾਂ ਦੇ ਬੈਂਕ ਖ਼ਾਤਿਆਂ ਦੇ ਵੇਰਵੇ ਕੀ ਹਨ, ਉਹਨਾਂ ਦਸਤਾਰ ਕਿਉਂ ਸਜ਼ਾਈ ਹੈ ਤੇ ਉਹ ਕਿਸ ਜਾਤ ਤੋਂ ਸਿੱਖ ਧਰਮ ਵਿਚ ਆਏ ਹਨ।
ਮੈਂਬਰ ਪਾਰਲੀਮੈਂਟ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਸਵਾਲ ਪ੍ਰੋਫੈਸ਼ਨਲ ਵਿਹਾਰ ਦੇ ਦਾਇਰੇ ਵਿਚ ਨਹੀਂ ਆਉਂਦੇ ਅਤੇ ਇਹ ਦਿੱਖ ਦੇ ਆਧਾਰ ’ਤੇ ਵਿਤਕਰਾ ਹਨ। ਉਹਨਾਂ ਨੇ ਸਾਰੀ ਘਟਨਾ ਦੀ ਡੂੰਘਾਈ ਨਾਲ ਜਾਂਚ ਅਤੇ ਜਿਹਨਾਂ ਨੇ ਜੀਵਨ ਸਿੰਘ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਤੇ ਉਹਨਾਂ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਕੀਤਾ ਹੈ, ਉਹਨਾਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ।
ਉਹਨਾਂ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਏਅਰ ਇੰਡੀਆ ਨੂੰ ਹਦਾਇਤ ਜਾਰੀ ਕਰਨ ਕਿ ਉਹ ਆਪਣੇ ਸਟਾਫ ਨੂੰ ਸਿੱਖ ਧਰਮ ਦੇ ਧਾਰਮਿਕ ਚਿੰਨਾਂ ਤੋਂ ਜਾਣੂ ਕਰਵਾਏ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ਵਿਚ ਕਿਸੇ ਵੀ ਸਿੱਖ ਨਾਲ ਅਜਿਹਾ ਵਿਤਕਰਾ ਨਾ ਹੋਵੇ। ਉਹਨਾਂ ਕਿਹਾ ਕਿ ਇਹ ਹਦਾਇਤਾਂ ਏਅਰਲਾਈਨ ਦੀਆਂ ਐਸ ਓ ਪੀ ਵਿਚ ਵੀ ਸ਼ਾਮਲ ਕੀਤੀਆਂ ਜਾਣ।
ਸਾਂਸਦ ਬਾਦਲ ਨੇ ਇਹ ਵੀ ਬੇਨਤੀ ਕੀਤੀ ਕਿ ਏਅਰ ਇੰਡੀਆ ਜੀਵਨ ਸਿੰਘ ਤੋਂ ਬਿਨਾਂ ਸ਼ਰਤ ਮੁਆਫੀ ਮੰਗੇ ਤਾਂ ਜੋ ਸਪਸ਼ਟ ਸੁਨੇਹਾ ਦਿੱਤਾ ਜਾ ਸਕੇ ਕਿ ਇਸਦੇ ਸਟਾਫ ਦੀਆਂ ਹਰਕਤਾਂ ਏਅਰਲਾਈਨ ਦੇ ਸੋਚ ਮੁਤਾਬਕ ਨਹੀਂ ਸਨ ਕਿਉਂਕਿ ਏਅਰਲਾਈਨ ਨੇ ਦਸਤਾਰਧਾਰੀ ਮਹਾਰਾਜਾ ਨੂੰ ਏਅਰਲਾਈਨ ਦਾ ਪਛਾਣ ਚਿੰਨ ਬਣਾਇਆ ਹੋਇਆ ਹੈ।