ਪੰਜਾਬ ਦਾ ਹਰ ਕਿਸਾਨ ਪਰਿਵਾਰ ਦੋ ਲੱਖ ਰੁਪਏ ਤੋਂ ਵੱਧ ਦਾ ਕਰਜ਼ਈ

Punjab has a debt of more than Rs. 2 lakh ;- ਪੰਜਾਬ ਦੇ ਹਰੇਕ ਕਿਸਾਨ ਪਰਿਵਾਰ ਦੇ ਸਿਰ ਉੱਤੇ 2.03 ਲੱਖ ਰੁਪਏ ਦਾ ਕਰਜ਼ਾ ਹੈ। ਖੇਤੀ ਤੇ ਕਿਸਾਨ ਭਲਾਈ ਰਾਜ ਮੰਤਰੀ ਰਾਮਨਾਥ ਠਾਕੁਰ ਨੇ ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਸੰਸਦ ਮੈਂਬਰ ਰਚਨਾ ਬੈਨਰਜੀ ਵੱਲੋਂ ਪੁੱਛੇ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਦਿੱਤੀ। ਉਨ੍ਹਾਂ ਵੱਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ ਹਰਿਆਣਾ ਵਿੱਚ ਹਰੇਕ ਕਿਸਾਨ ਪਰਿਵਾਰ ਸਿਰ ਔਸਤਨ 1.83 ਲੱਖ ਰੁਪਏ ਦਾ ਕਰਜ਼ਾ ਹੈ, ਜਦਕਿ ਹਿਮਾਚਲ ਪ੍ਰਦੇਸ਼ ਵਿੱਚ ਇਹ ਕਰਜ਼ 85,825 ਰੁਪਏ ਅਤੇ ਜੰਮੂ ਕਸ਼ਮੀਰ ਵਿੱਚ 30,435 ਰੁਪਏ ਹੈ। ਕੌਮੀ ਪੱਧਰ ’ਤੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਦਾ ਔਸਤ 74,121 ਰੁਪਏ ਹੈ।
ਉਨ੍ਹਾਂ ਦੱਸਿਆ ਕਿ ਇਹ ਅੰਕੜੇ ਕੌਮੀ ਸੈਂਪਲ ਸਰਵੇ (ਐੱਨਐੱਸਐੱਸ) ਦੇ 70ਵੇਂ ਦੌਰ ਵਿੱਚ ‘ਗ੍ਰਾਮੀਣ ਭਾਰਤ ਵਿੱਚ ਖੇਤੀਬਾੜੀ ਪਰਿਵਾਰਾਂ ਅਤੇ ਪਰਿਵਾਰਾਂ ਦੀ ਜ਼ਮੀਨ ਤੇ ਪਸ਼ੂਧਨ ਜਾਇਦਾਦ ਦੀ ਸਥਿਤੀ ਦਾ ਮੁਲਾਂਕਣ, 2019’ ਦੀ ਰਿਪੋਰਟ ’ਤੇ ਅਧਾਰਤ ਹਨ। ਪੰਜਾਬ ਔਸਤ ਖੇਤੀਬਾੜੀ ਪਰਿਵਾਰ ਕਰਜ਼ ਮਾਮਲੇ ਵਿੱਚ ਕੇਰਲਾ (2.42 ਲੱਖ ਰੁਪਏ) ਅਤੇ ਆਂਧਰਾ ਪ੍ਰਦੇਸ਼ (2.45 ਲੱਖ ਰੁਪਏ) ਤੋਂ ਬਾਅਦ ਦੇਸ਼ ਵਿੱਚ ਤੀਜੇ ਨੰਬਰ ’ਤੇ ਹੈ। ਬੈਨਰਜੀ ਨੇ ‘ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਵਿੱਚ ਪ੍ਰਤੀ ਕਿਸਾਨ ਕਰਜ਼ੇ ਦੀ ਔਸਤ ਰਕਮ ਦੇ ਵੇਰਵਿਆਂ, ਰੁਝਾਨਾਂ ਅਤੇ ਚੁਣੌਤੀਆਂ ਬਾਰੇ ਚਾਨਣਾ ਪਾਉਣ’ ਦੀ ਮੰਗੀ ਸੀ।
ਇਸ ਦੌਰਾਨ ਕਾਂਗਰਸ ਸੰਸਦ ਮੈਂਬਰ ਚਰਨਜੀਤ ਚੰਨੀ ਵੱਲੋਂ ਪੁੱਛੇ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਵਣਜ ਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਕਿਹਾ ਕਿ ਪੰਜਾਬ ਵਿੱਚ 1741 ਸਟਾਰਟ-ਅੱਪ ਹਨ। ਉਦਯੋਗ ਤੇ ਅੰਦਰੂਨੀ ਵਪਾਰ ਪ੍ਰੋਮੋਸ਼ਨ ਵਿਭਾਗ (ਡੀਪੀਆਈਆਈਟੀ) ਵੱਲੋਂ ਦਸੰਬਰ 2024 ਤੱਕ ਕੁੱਲ 1741 ਸਟਾਰਟ-ਅੱਪ ਰਜਿਸਟਰਡ ਹਨ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵੱਲੋਂ ਇਨ੍ਹਾਂ ਵਿੱਚੋਂ 38 ਨੂੰ ਬੰਦ ਸ਼੍ਰੇਣੀ ਵਿੱਚ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ 8222 ਅਤੇ ਹਿਮਾਚਲ ਪ੍ਰਦੇਸ਼ ਵਿੱਚ 563 ਸਟਾਰਟ ਅੱਪ ਹਨ। ਕੌਮੀ ਪੱਧਰ ’ਤੇ ਕੁੱਲ 1,57,706 ਸਟਾਰਟਅੱਪ ਰਜਿਸਟਰਡ ਹਨ ਜਿਨ੍ਹਾਂ ਰਾਹੀਂ 2019 ਤੋਂ ਹੁਣ ਤੱਕ 17.2 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।