ਮੁੜ ਸੜਕਾਂ ‘ਤੇ ਉਤਰੇ ਕਿਸਾਨ: ਕੇਂਦਰ ਖਿਲਾਫ਼ ਸੰਯੁੁਕਤ ਕਿਸਾਨ ਮੋਰਚੇ ਦਾ ਪ੍ਰਦਰਸ਼ਨ: ਚੰਡੀਗੜ੍ਹ ਦੀਆਂ ਸਰਹੱਦਾਂ ਸੀਲ
Chandigarh Mohali Border Tension: ਚੰਡੀਗੜ੍ਹ ਦੇ ਰਾਜ ਭਵਨ ਵੱਲ ਮਾਰਚ ਕਰਨ ਨਿਕਲੇ ਪੰਜਾਬ ਦੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਮੋਹਾਲੀ ਸਰਹੱਦ ‘ਤੇ ਜ਼ਬਰਦਸਤ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨ ਜਿਵੇਂ ਹੀ ਚੰਡੀਗੜ੍ਹ ਦੀ ਸੀਮਾ ਵੱਲ ਵਧੇ, ਤਾਂ ਪਹਿਲਾਂ ਤੋਂ ਹੀ ਤਾਇਨਾਤ ਪੁਲਿਸ ਬਲ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ।
ਸਰਹੱਦਾਂ ਬਣੀਆਂ ਛਾਉਣੀ, ਵਾਟਰ ਕੈਨਨ ਤਾਇਨਾਤ
ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਚੰਡੀਗੜ੍ਹ ਪੁਲਿਸ ਨੇ ਪੰਜਾਬ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸਖ਼ਤ ਬੈਰੀਕੇਡਿੰਗ ਕਰਕੇ ਸੀਲ ਕਰ ਦਿੱਤਾ ਹੈ। ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮੋਹਾਲੀ ਬਾਰਡਰ ‘ਤੇ ਸੰਭਾਵੀ ਹਾਲਾਤਾਂ ਨਾਲ ਨਿਪਟਣ ਲਈ ਪੁਲਿਸ ਵੱਲੋਂ ਪਾਣੀ ਦੀ ਬੌਛਾਰਾਂ(Water Cannons) ਦਾ ਇਸਤੇਮਾਲ ਕੀਤਾ ਗਈਆਂ ਹਨ।
ਮੌਕੇ ‘ਤੇ ਮੌਜੂਦ ਐਸਐਸਪੀ:
ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਸਮੇਤ ਕਈ ਸੀਨੀਅਰ ਅਧਿਕਾਰੀ ਖੁਦ ਜ਼ਮੀਨੀ ਪੱਧਰ ‘ਤੇ ਮੋਰਚਾ ਸੰਭਾਲੀ ਬੈਠੇ ਹਨ। ਐਸਐਸਪੀ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਟਕਰਾਅ ਨੂੰ ਟਾਲਣ ਲਈ ਕਿਸਾਨ ਆਗੂਆਂ ਨਾਲ ਗੱਲਬਾਤ ਦਾ ਦੌਰ ਵੀ ਨਾਲੋ-ਨਾਲ ਜਾਰੀ ਹੈ।
ਟ੍ਰੈਫਿਕ ਅਲਰਟ: ਇਨ੍ਹਾਂ ਰੂਟਾਂ ਤੋਂ ਬਚੋ
ਪ੍ਰਦਰਸ਼ਨ ਅਤੇ ਝੜਪ ਕਾਰਨ ਦੋ ਪ੍ਰਮੁੱਖ ਪੁਆਇੰਟਾਂ ‘ਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਮੋੜ (ਡਾਇਵਰਟ) ਦਿੱਤਾ ਗਿਆ ਹੈ:
- ਪੰਜਾਬ ਸਕੂਲ ਸਿੱਖਿਆ ਬੋਰਡ: ਬੋਰਡ ਦੀ ਇਮਾਰਤ ਦੇ ਪਿੱਛੇ ਚੰਡੀਗੜ੍ਹ ਨੂੰ ਜੋੜਨ ਵਾਲੀ ਸੜਕ ਦਾ ਰੂਟ ਬਦਲਿਆ ਗਿਆ ਹੈ।
- ਮਟੌਰ ਬੈਰੀਅਰ: ਇੱਥੇ ਵੀ ਸੁਰੱਖਿਆ ਕਾਰਨਾਂ ਕਰਕੇ ਆਮ ਵਾਹਨਾਂ ਦੀ ਆਵਾਜਾਈ ਡਾਇਵਰਟ ਕੀਤੀ ਗਈ ਹੈ।
ਪ੍ਰਸ਼ਾਸਨ ਦੀ ਅਪੀਲ: ਇਨ੍ਹਾਂ ਦੋਵਾਂ ਇਲਾਕਿਆਂ ਨੂੰ ਛੱਡ ਕੇ ਬਾਕੀ ਸ਼ਹਿਰ ਵਿੱਚ ਟ੍ਰੈਫਿਕ ਆਮ ਵਾਂਗ ਚੱਲ ਰਿਹਾ ਹੈ। ਪੁਲਿਸ ਅਤੇ ਪ੍ਰਸ਼ਾਸਨ ਲਗਾਤਾਰ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਤਾਂ ਜੋ ਆਮ ਸ਼ਹਿਰੀਆਂ ਅਤੇ ਮੁਸਾਫਰਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।