ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

Vande Bharat Train: ਮੀਤ ਹੇਅਰ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਨਿਰੰਤਰ ਉਨ੍ਹਾਂ ਵੱਲੋਂ ਇਹ ਮੰਗ ਉਠਾਈ ਜਾਂਦੀ ਸੀ ਜਿਸ ਨੂੰ ਪੂਰਾ ਹੋਣ ‘ਤੇ ਉਹ ਰੇਲ ਮੰਤਰਾਲੇ ਦਾ ਧੰਨਵਾਦ ਕਰਦੇ ਹਨ।
Gurmeet Singh Meet Hayer meet Ravneet Singh Bittu in New Delhi: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੀਤ ਹੇਅਰ ਨੇ ਮੰਗ ਕੀਤੀ ਕਿ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਚੱਲਣ ਵਾਲੀ ਨਵੀਂ ਵੰਦੇ ਭਾਰਤ ਰੇਲ ਗੱਡੀ ਦਾ ਠਹਿਰਾਅ ਬਰਨਾਲਾ ਵਿਖੇ ਵੀ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਬਰਨਾਲਾ ਰੇਲਵੇ ਸਟੇਸ਼ਨ ‘ਤੇ ਇਸ ਗੱਡੀ ਦੇ ਠਹਿਰਾਅ ਨਾਲ ਆਸ-ਪਾਸ ਦੇ ਸੈਂਕੜੇ ਪਿੰਡਾਂ ਅਤੇ ਹੋਰ ਕਸਬਿਆਂ ਨੂੰ ਲਾਭ ਮਿਲੇਗਾ ਤੇ ਉਹ ਕੌਮੀ ਰਾਜਧਾਨੀ ਨਾਲ ਕੁਨੈਕਟ ਹੋ ਸਕਣਗੇ। ਮੀਤ ਹੇਅਰ ਨੇ ਦੱਸਿਆ ਕਿ ਰੇਲ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਮੰਗ ‘ਤੇ ਵਿਚਾਰ ਕਰਕੇ ਬਰਨਾਲਾ ਰੇਲਵੇ ਸਟੇਸ਼ਨ ‘ਤੇ ਵੀ ਗੱਡੀ ਦਾ ਠਹਿਰਾਅ ਯਕੀਨੀ ਬਣਾਇਆ ਜਾਵੇਗਾ।
ਮੀਤ ਹੇਅਰ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਅਜਿਹੀ ਕੋਈ ਰੇਲ ਗੱਡੀ ਚਲਾਉਣ ਦੀ ਮੰਗ ਕਰਦੇ ਆ ਰਹੇ ਸਨ ਜਿਸ ਨਾਲ ਬਰਨਾਲਾ ਨੂੰ ਸਿੱਧਾ ਕੌਮੀ ਰਾਜਧਾਨੀ ਦਿੱਲੀ ਨਾਲ ਜੋੜਿਆ ਜਾ ਸਕੇ ਅਤੇ ਹੁਣ ਜਦੋਂ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਵੰਦੇ ਭਾਰਤ ਰੇਲ ਗੱਡੀ ਚਲਾਉਣ ਦਾ ਪ੍ਰਸਤਾਵ ਹੈ ਤਾਂ ਬਰਨਾਲਾ ਸਟੇਸ਼ਨ ‘ਤੇ ਇਸ ਗੱਡੀ ਦਾ ਠਹਿਰਾਅ ਨਹੀਂ ਬਣਾਇਆ ਗਿਆ।
ਮੀਤ ਹੇਅਰ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਨਿਰੰਤਰ ਉਨ੍ਹਾਂ ਵੱਲੋਂ ਇਹ ਮੰਗ ਉਠਾਈ ਜਾਂਦੀ ਸੀ ਜਿਸ ਨੂੰ ਪੂਰਾ ਹੋਣ ‘ਤੇ ਉਹ ਰੇਲ ਮੰਤਰਾਲੇ ਦਾ ਧੰਨਵਾਦ ਕਰਦੇ ਹਨ। ਜਦੋਂ ਇਹ ਗੱਡੀ ਬਰਨਾਲਾ ਸਟੇਸ਼ਨ ਉੱਤੇ ਰੁਕੇਗੀ ਤਾਂ ਉਹ ਬਰਨਾਲਾ ਵਾਸੀਆਂ ਦੇ ਨਾਲ ਪਹਿਲੇ ਦਿਨ ਇਸ ਰੇਲ ਦਾ ਸਵਾਗਤ ਕਰਨਗੇ ਅਤੇ ਬਰਨਾਲਾ ਵਿਖੇ ਰੇਲ ਦਾ ਠਹਿਰ ਬਣਾਉਣ ਲਈ ਉਚੇਚੇ ਤੌਰ ਉਤੇ ਧੰਨਵਾਦ ਕਰਨਗੇ।