Fatehgarh Sahib Police conducts major operation ;- ਜ਼ਿਲ੍ਹਾ ਪੁਲਿਸ ਨੇ ਗੈਂਗਸਟਰ ਅਰਸ਼ ਡੱਲਾ ਗੈਂਗ ਨਾਲ ਸੰਬੰਧਿਤ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 9 ਪਿਸਟਲ ਅਤੇ ਜਿੰਦਾ ਰੌਂਦ ਬਰਾਮਦ ਕਰਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਨਵੇਂ ਦੋਸ਼ੀ ਤੇਜਵੀਰ ਸਿੰਘ ਨੂੰ ਪਟਿਆਲਾ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਗਿਆ, ਜਿਸ ਦੇ ਪਾਸੋਂ 4 ਹੋਰ 32 ਬੋਰ ਦੀਆਂ ਪਿਸਟਲ ਬਰਾਮਦ ਕੀਤੀਆਂ ਗਈਆਂ।
ਪਿਸਟਲਾਂ ਨੂੰ ਸਰਹਿੰਦ ‘ਚ ਦਬਾ ਕੇ ਰੱਖਿਆ ਗਿਆ ਸੀ
ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅਸਲਾ ਮੱਧ ਪ੍ਰਦੇਸ਼ ਤੋਂ ਲਿਆ ਗਿਆ ਸੀ ਅਤੇ ਤੇਜਵੀਰ ਨੇ ਉਨ੍ਹਾਂ ਨੂੰ ਸਰਹਿੰਦ ਦੀ ਦਾਣਾ ਮੰਡੀ ‘ਚ ਲੁਕਾ ਕੇ ਰੱਖਿਆ ਹੋਇਆ ਸੀ। ਇਹਨਾਂ ਹਥਿਆਰਾਂ ਦੀ ਵਰਤੋਂ ਗੈਂਗਸਟਰ ਗਤੀਵਿਧੀਆਂ, ਫਿਰੌਤੀ ਅਤੇ ਟਾਰਗੇਟ ਕਿਲਿੰਗ ਲਈ ਕੀਤੀ ਜਾਣੀ ਸੀ।
ਅਰਸ਼ ਡੱਲਾ ਲਈ ਕੰਮ ਕਰਦੇ ਸਨ ਦੋਸ਼ੀ
ਪੁਲਿਸ ਦੀ ਜਾਂਚ ਦੌਰਾਨ ਪਹਿਲਾਂ ਹੀ ਦੋ ਗੈਂਗ ਮੈਂਬਰ – ਸਾਹਿਲ ਅਤੇ ਗੁਰਕੀਰਤ ਸਿੰਘ – ਨੂੰ ਅੰਮ੍ਰਿਤਸਰ ‘ਚੋਂ ਗ੍ਰਿਫ਼ਤਾਰ ਕਰਕੇ 5 ਪਿਸਟਲ ਅਤੇ 5 ਜਿੰਦਾ ਰੌਂਦ ਬਰਾਮਦ ਕੀਤੇ ਗਏ ਸਨ। ਇਹ ਦੋਵੇਂ ਦੋਸ਼ੀ ਪਟਿਆਲਾ ਜੇਲ੍ਹ ‘ਚ ਬੰਦ ਗੈਂਗਸਟਰ ਤੇਜਵੀਰ ਸਿੰਘ ਉਰਫ਼ ਸਾਬੂ ਦੀ ਹਦਾਇਤ ‘ਤੇ ਕੰਮ ਕਰ ਰਹੇ ਸਨ।
ਤੇਜਵੀਰ ਸਿੰਘ, ਜੋ ਪਹਿਲਾਂ ਹੀ ਕਤਲ ਅਤੇ ਨਾਜਾਇਜ਼ ਅਸਲੇ ਦੇ ਮੁਕੱਦਮਿਆਂ ਵਿੱਚ ਜੇਲ੍ਹ ‘ਚ ਬੰਦ ਸੀ, ਅਰਸ਼ ਡੱਲਾ ਗੈਂਗ ਲਈ ਨਵੇਂ ਹਥਿਆਰ ਮੰਗਵਾਉਣ ਅਤੇ ਉਨ੍ਹਾਂ ਨੂੰ ਵੰਡਣ ਦਾ ਕੰਮ ਕਰਦਾ ਸੀ। ਉਹ ਅਮ੍ਰਿਤਸਰ ‘ਚ ਹੋਈ ਇੱਕ ਕਤਲ ਦੀ ਵਾਰਦਾਤ ਅਤੇ ਹੋਰ ਗੈਰ-ਕਾਨੂੰਨੀ ਕਾਰਵਾਈਆਂ ‘ਚ ਵੀ ਸ਼ਾਮਿਲ ਸੀ।
ਹਥਿਆਰਾਂ ਦੀ ਵੱਡੀ ਖੇਪ ਹੋਈ ਬਰਾਮਦ
ਪੁਲਿਸ ਵੱਲੋਂ ਇਨ੍ਹਾਂ ਤਿੰਨ ਦੋਸ਼ੀਆਂ ਤੋਂ ਹੁਣ ਤੱਕ 9 ਪਿਸਟਲ ਬਰਾਮਦ ਹੋ ਚੁੱਕੀਆਂ ਹਨ। ਇਹਨਾਂ ਅਸਲਿਆਂ ਦੀ ਵਰਤੋਂ ਕਿਸੇ ਵੱਡੇ ਕਤਲ ਜਾਂ ਅੱਤਵਾਦੀ ਗਤੀਵਿਧੀ ਲਈ ਕੀਤੀ ਜਾਣੀ ਸੀ।
ਫਤਿਹਗੜ੍ਹ ਸਾਹਿਬ ਪੁਲਿਸ ਨੇ ਕਿਹਾ ਕਿ ਗੈਂਗਸਟਰ ਮੌਡਿਊਲ ਦੀਆਂ ਜੜ੍ਹਾਂ ਨੂੰ ਖਤਮ ਕਰਨ ਲਈ ਹੋਰ ਵੀ ਜ਼ਰੂਰੀ ਕਾਰਵਾਈਆਂ ਕੀਤੀਆਂ ਜਾਣਗੀਆਂ, ਅਤੇ ਆਉਣ ਵਾਲੇ ਦਿਨਾਂ ‘ਚ ਹੋਰ ਖੁਲਾਸੇ ਹੋ ਸਕਦੇ ਹਨ।