ਪਿਓ ਨੇ 2 ਸਾਲਾ ਪੁੱਤ ਨੂੰ ਪੈਟਰੋਲ ਪਾ ਕੇ ਜ਼ਿੰਦਾ ਸਾੜਿਆ
Father burned alive his 2-year-old son: ਗੁਜਰਾਤ ਦੇ ਵਾਵ-ਥਰਾਦ ਜ਼ਿਲ੍ਹੇ ਵਿੱਚ ਇੱਕ ਪਿਤਾ ਵੱਲੋਂ ਆਪਣੇ ਦੋ ਸਾਲਾ ਪੁੱਤਰ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਮੁਲਜ਼ਮ ਬੱਚੇ ਨੂੰ ਬੋਝ ਸਮਝਦਾ ਸੀ। ਘਟਨਾ 13 ਅਕਤੂਬਰ ਨੂੰ ਜ਼ਿਲ੍ਹੇ ਦੇ ਸੂਈਗਾਮ ਤਾਲੁਕਾ ਵਿੱਚ ਵਾਪਰੀ। ਪੁਲਿਸ ਨੇ ਮੁਲਜ਼ਮ ਅਸ਼ੋਕ ਰਾਵਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ, ਬੱਚੇ ਨੂੰ ਅੱਗ ਲਗਾਉਣ ਤੋਂ ਬਾਅਦ ਮੁਲਜ਼ਮ ਉਸ ਨੂੰ ਹਸਪਤਾਲ ਲੈ ਕੇ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।
ਪਤਨੀ ਤਿੰਨ ਮਹੀਨਿਆਂ ਤੋਂ ਰਹਿ ਰਹੀ ਸੀ ਪੇਕੇ
ਪੁਲਿਸ ਕੋਲ ਦਰਜ ਸ਼ਿਕਾਇਤ ਮੁਤਾਬਕ, ਸੂਈਗਾਮ ਦੇ ਰਾਵਲਵਾਸ ਵਾਸੀ ਬਾਬੂਭਾਈ ਲਖਮਣਭਾਈ ਰਾਵਲ ਨੇ ਆਪਣੇ ਭਤੀਜੇ ਅਸ਼ੋਕ ਜੀਤਾਭਾਈ ਰਾਵਲ ਵਿਰੁੱਧ ਸ਼ਿਕਾਇਤ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਝਗੜੇ ਤੋਂ ਬਾਅਦ ਅਸ਼ੋਕ ਦੀ ਪਤਨੀ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਪੇਕੇ ਰਹਿ ਰਹੀ ਸੀ। ਅਸ਼ੋਕ ਆਪਣੇ ਪੁੱਤਰ ਨਾਲ ਇਕੱਲਾ ਰਹਿ ਰਿਹਾ ਸੀ ਅਤੇ ਉਸ ਨੂੰ ਬੱਚੇ ਦੀ ਦੇਖਭਾਲ ਕਰਨੀ ਔਖੀ ਲੱਗ ਰਹੀ ਸੀ। ਦੋਸ਼ ਹੈ ਕਿ 13 ਅਕਤੂਬਰ ਨੂੰ ਦੁਪਹਿਰ ਕਰੀਬ 1 ਵਜੇ ਅਸ਼ੋਕ ਨੇ ਆਪਣੇ ਪੁੱਤਰ ਨਵਘਨ ’ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਉਹ ਬੱਚੇ ਨੂੰ ਹਸਪਤਾਲ ਲੈ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਸੱਚ ਲੁਕਾਉਣ ਲਈ ਲਾਸ਼ ਦਫ਼ਨਾਉਣ ਦਾ ਦੋਸ਼
ਪੁਲਿਸ ਮੁਤਾਬਕ, ਬੱਚੇ ਦੀ ਮੌਤ ਦੇ ਅਸਲ ਕਾਰਨਾਂ ਨੂੰ ਲੁਕਾਉਣ ਲਈ ਅਸ਼ੋਕ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਲਾਸ਼ ਨੂੰ ਸਾਂਝੇ ਸ਼ਮਸ਼ਾਨਘਾਟ ਵਿੱਚ ਦਫ਼ਨਾ ਦਿੱਤਾ। ਜਦੋਂ ਅਸ਼ੋਕ ਦੇ ਚਾਚਾ ਬਾਬੂਭਾਈ ਰਾਵਲ ਨੂੰ ਘਟਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਸੂਈਗਾਮ ਪੁਲਿਸ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਸ਼ਮਸ਼ਾਨਘਾਟ ਵਿੱਚੋਂ ਬੱਚੇ ਦੀ ਲਾਸ਼ ਬਾਹਰ ਕਢਵਾਈ ਅਤੇ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਅਸ਼ੋਕ ਨੇ ਆਪਣੇ ਪੁੱਤਰ ਦੀ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ ਹੈ। ਮਾਮਲੇ ਵਿੱਚ ਅਗਲੀ ਜਾਂਚ ਜਾਰੀ ਹੈ।
