ਫਾਜ਼ਿਲਕਾ ਦੇ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਤਿੰਨ ਦਿਨਾਂ ਬਾਅਦ ਹੋਣਾ ਸੀ ਸੇਵਾਮੁਕਤ
Punjab News: ਫਾਜ਼ਿਲਕਾ ਦੇ ਪਿੰਡ ਕੁਹਾੜਿਆਂਵਾਲੀ ਦੇ ਫੌਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰ ਸਵਾਗਤ ਦੀਆਂ ਤਿਆਰੀਆਂ ਵਿੱਚ ਲੱਗਿਆ ਹੋਇਆ ਸੀ ਕਿ ਇਸ ਦੁਖਦਾਈ ਖ਼ਬਰ ਨੇ ਖੁਸ਼ੀ ਦੇ ਮਾਹੌਲ ਨੂੰ ਗਮਗੀਨ ਬਣਾ ਦਿੱਤਾ।
ਸਤਨਾਮ ਸਿੰਘ 25 ਸਾਲ ਫੌਜ ਵਿੱਚ ਸੇਵਾ ਕਰਨ ਉਪਰੰਤ 30 ਜੂਨ ਨੂੰ ਸੇਵਾਮੁਕਤ ਹੋ ਕੇ ਘਰ ਆ ਰਹੇ ਸੀ। ਉਥੇ ਹੀ ਪੂਰਾ ਪਰਿਵਾਰ ,ਰਿਸ਼ਤੇਦਾਰ, ਮਿੱਤਰ ਉਡੀਕ ਕਰ ਰਹੇ ਸਨ ਅਤੇ ਉਧਰ ਇਸ ਦੇ ਉਲਟ ਉਨ੍ਹਾਂ ਨੂੰ ਇਹ ਮਨਹੂਸ ਖ਼ਬਰ ਮਿਲੀ ਕਿ ਸਤਨਾਮ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸਤਨਾਮ ਸਿੰਘ ਪਿੰਡ ਕੁਹਾੜਿਆਂਵਾਲੀ ਦਾ ਰਹਿਣ ਵਾਲਾ ਹੈ ਅਤੇ ਸਾਲ 15 ਅਗਸਤ 2001 ’ਚ ਅਸਾਮ ਰਾਈਫਲ ਫਸਟ ਵਿੱਚ ਭਰਤੀ ਹੋਇਆ ਸੀ। ਸਤਨਾਮ ਸਿੰਘ ਜਿੱਥੇ ਇੱਕ ਵਧੀਆ ਸੈਨਿਕ ਸੀ । ਉਥੇ ਹੀ ਉਹ ਬਹੁਤ ਵਧੀਆ ਖਿਡਾਰੀ ਵੀ ਸੀ। ਉਸ ਨੇ ਫੌਜ ਵਿੱਚ 2004 ਤੱਕ ਕਰੋਸ ਕੰਟਰੀ ਦੌੜ ਵਿੱਚ ਹਿੱਸਾ ਲਿਆ ਅਤੇ ਬਾਅਦ ਵਿੱਚ ਉਹ ਬਾਕਸਿੰਗ ਕਰਨ ਲੱਗਾ।
ਸਤਨਾਮ ਸਿੰਘ ਬਾਕਸਿੰਗ ’ਚ ਸੁਪਰ ਹੈਵੀ ਵੇਟ ਪੱਧਰ ’ਤੇ ਇੰਟਰ ਬਰਗੇਡ ਮੁਕਾਬਲਿਆਂ ਦਾ ਜੇਤੂ ਰਿਹਾ ਹੈ। ਸਤਨਾਮ ਸਿੰਘ ਆਪਣੀ ਸੇਵਾਮੁਕਤੀ ਨੂੰ ਲੈ ਕੇ ਬਹੁਤ ਖੁਸ਼ ਸੀ ਅਤੇ ਉਸਨੇ ਵਿਦੇਸ਼ ਰਹਿੰਦੇ ਆਪਣੇ ਭਰਾ ਨੂੰ ਇਹ ਕਿਹਾ ਸੀ ਕਿ ਉਹ ਬਿਰਧ ਮਾਤਾ -ਪਿਤਾ ਅਤੇ ਆਪਣੇ ਅਤੇ ਉਸਦੇ ਪਰਿਵਾਰ ਦੀ ਦੇਖਭਾਲ ਕਰ ਲਵੇਗਾ । ਉਹ ਹੁਣ ਫ਼ਿਕਰ ਨਾ ਕਰੇ। ਕਿਉਂਕਿ ਉਹ ਹੁਣ ਸੇਵਾ ਮੁਕਤ ਹੋ ਕੇ ਪਰਿਵਾਰ ਵਿੱਚ ਆ ਰਿਹਾ ਹੈ ਅਤੇ ਉਹ ਹੁਣ ਪਰਿਵਾਰ ’ਚ ਹੀ ਆਪਣਾ ਸਮਾਂ ਗੁਜ਼ਾਰੇਗਾ।
ਉਧਰ ਇਹ ਭਾਣਾ ਵਰਤ ਜਾਣ ਮਗਰੋਂ ਉਸ ਦਾ ਪਰਿਵਾਰ ਜਿਸ ’ਚ ਉਸਦੇ ਮਾਤਾ ਪਿਤਾ ,ਪਤਨੀ ,ਦੋ ਪੁੱਤਰ ਉਸ ਦਾ ਭਰਾ ,ਭਰਜਾਈ ਇਸ ਖਬਰ ਨਾਲ ਵੱਡੇ ਸਦਮੇ ਵਿੱਚ ਹਨ। ਉਸ ਦੇ ਭਰਾ ਬਚਿੱਤਰ ਸਿੰਘ ਦਾ ਕਹਿਣਾ ਹੈ ਕਿ ਮੇਰੇ ਭਰਾ ਦਾ ਮੈਨੂੰ ਹਮੇਸ਼ਾ ਬਹੁਤ ਸਹਿਯੋਗ ਸੀ। ਉਸਨੇ ਹਮੇਸ਼ਾ ਇਹ ਕਿਹਾ ਸੀ ਕਿ ਉਹ ਦੋਵੇਂ ਭਰਾ ਸਾਰੀ ਜ਼ਿੰਦਗੀ ਇਕੱਠੇ ਰਹਿਣਗੇ ਅਤੇ ਇੱਕ ਦੂਜੇ ਦਾ ਬੋਝ ਝੱਲਣਗੇ। ਉਸ ਦਾ ਕਹਿਣਾ ਸੀ ਕਿ ਅਸੀਂ ਤਾਂ ਉਸਦੀ ਸੇਵਾਮੁਕਤੀ ਹੋਣ ਦੀਆਂ ਤਿਆਰੀਆਂ ਵਿੱਚ ਰੁਝੇ ਹੋਏ ਸਾ ਕਿ ਸਾਨੂੰ ਨਹੀਂ ਸੀ ਪਤਾ ਕਿ ਹੁਣ ਸਾਨੂੰ ਉਸ ਦੀ ਅੰਤਿਮ ਸਸਕਾਰ ਦੀਆਂ ਤਿਆਰੀਆਂ ਕਰਨੀਆਂ ਪੈਣਗੀਆਂ।
ਇਸ ਮੌਕੇ ਉਸ ਦੇ ਦੋਸਤ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਬਹੁਤ ਹੀ ਮਿਲਣਸਾਰ ਸੀ ਅਤੇ ਉਸਨੇ ਫੌਜ ਵਿੱਚ ਰਹਿ ਕੇ ਬਹੁਤ ਜ਼ਿਆਦਾ ਨਾਮਨਾ ਖੱਟਿਆ । ਉਸਨੇ ਮੇਰੇ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਤੂੰ ਘਰ ਚੱਲ ਕੇ ਮੇਰੇ ਆਉਣ ਦੀ ਤਿਆਰੀ ਕਰੀ ,ਆਪਾਂ ਇਕੱਠੇ ਬੈਠਾਂਗੇ । ਪਰ ਹੁਣ ਉਸ ਦੇ ਨਾ ਆਉਣ ਦਾ ਸੁਨੇਹਾ ਮਿਲੇਗਾ । ਇਹ ਸਾਡੇ ਚਿੱਤ ਚੇਤੇ ਵੀ ਨਹੀਂ ਸੀ।