ਹੜ੍ਹ ਤੋਂ ਬਾਅਦ ਖੇਤ ਹੋਏ ਲਾਪਤਾ, ਨਿਸ਼ਾਨਦੇਹੀ ਮਿਟਣ ‘ਤੇ ਕਿਸਾਨ ਪਰੇਸ਼ਾਨ, ਕਈ ਏਕੜ ਜ਼ਮੀਨ ਦਰਿਆ ‘ਚ ਸਮਾਈ
Floods In Punjab; ਪੰਜਾਬ ‘ਚ ਹੜ੍ਹ ਨੇ ਭਿਆਨਕ ਤਬਾਹੀ ਮਚਾਈ। ਲੱਖਾਂ ਏਕੜ ਜ਼ਮੀਨ ‘ਤੇ ਖੜ੍ਹੀ ਫਸਲ ਬਰਬਾਦ ਹੋ ਗਈ। ਲੋਕਾਂ ਨੂੰ ਘਰ ਛੱਡਣੇ ਪਏ। ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਜ਼ਮੀਨ ਖੇਤੀ ਲਾਇਕ ਨਹੀਂ ਰਹੀਂ। ਇਸ ਦੇ ਨਾਲ ਹੀ ਕਈ ਏਕੜ ਜ਼ਮੀਨ ਦਰਿਆ ‘ਚ ਸਮਾ ਗਈ। ਜਿਵੇਂ-ਜਿਵੇਂ ਪਾਣੀ ਉੱਤਰ ਰਿਹਾ ਹੈ, ਲੋਕਾਂ ਨੂੰ ਆਪਣੀ ਜ਼ਮੀਨ ਪਹਿਚਾਨਣ ‘ਚ ਦਿੱਕਤ ਆ ਰਹੀ ਹੈ।
ਪਾਣੀ ਨਾਲ ਵਹਿ ਕੇ ਆਈ ਰੇਤ ਤੇ ਗਾਦ ਦੇ ਕਾਰਨ ਉਨ੍ਹਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਮਿਟ ਗਈ ਹੈ ਤੇ ਇਸ ਦੇ ਨਾਲ ਕਿਸਾਨਾਂ ਨੂੰ ਪਤਾ ਨਹੀਂ ਲੱਗ ਪਾ ਰਿਹਾ ਕਿ ਉਨ੍ਹਾਂ ਦਾ ਖੇਤ ਕਿਹੜਾ ਹੈ। ਨਿਸ਼ਾਨਦੇਹੀ ਖ਼ਤਮ ਹੋਣ ਤੋਂ ਬਾਅਦ ਹੁਣ ਕਈ ਕਿਸਾਨਾਂ ‘ਚ ਵਿਵਾਦ ਪੈਦਾ ਹੋ ਸਕਦਾ ਹੈ, ਜਿਸ ਨਾਲ ਰਿਵੈਨਿਊ ਵਿਭਾਗ ਦੀ ਪਰੇਸ਼ਾਨੀ ਵੱਧ ਸਕਦੀ ਹੈ।
ਸਤਲੁਜ ‘ਚ ਸਮਾਈ ਕਈ ਏਕੜ ਜ਼ਮੀਨ
ਕਿਸਾਨਾ ਮਜ਼ਦੂਰ ਮੋਰਚਾ ਦੇ ਆਗੂ ਗੁਰਅਮਨੀਤ ਸਿੰਘ ਨੇ ਕਿਹਾ ਕਿ ਹੜ੍ਹ ਨਾਲ ਕਿਸਾਨਾਂ ਦੇ ਖੇਤਾਂ ਦੀ ਨਿਸ਼ਾਨਦੇਹੀ ਖ਼ਤਮ ਹੋ ਗਈ ਹੈ। ਇੱਕ ਲੱਖ ਏਕੜ ਖੇਤੀ ਦੀ ਜ਼ਮੀਨ ਅਜਿਹੀ ਹੈ, ਜਿਸ ‘ਚ ਸਭ ਕੁੱਝ ਸਾਫ਼ ਹੋ ਗਿਆ ਹੈ। ਕਿਸਾਨ ਆਪਣੇ ਖੇਤਾਂ ਦੀ ਪਹਿਚਾਣ ਨਹੀਂ ਕਰ ਪਾ ਰਹੇ ਹਨ। ਰਿਵੈਨਿਊ ਅਧਿਕਾਰੀ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ‘ਚ ਇਹ ਸਮੱਸਿਆ ਹੈ। ਉਹ ਸਥਿਤੀ ਨੂੰ ਆਮ ਵਾਂਗ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਤੋਂ ਰਾਹਤ ਕਾਰਜਾਂ ‘ਚ ਰੁਕਾਵਾਟ ਨਾ ਆਵੇ। ਉਸ ਤੋਂ ਬਾਅਦ ਦੁਬਾਰਾ ਨਿਸ਼ਾਨਦੇਹੀ ਸ਼ੁਰੂ ਕੀਤੀ ਜਾਵੇਗੀ।
ਸਤਲੁਜ ਦਰਿਆ ‘ਚ ਆਏ ਉਫ਼ਾਨ ਕਾਰਨ ਸਸਰਾਲੀ ‘ਚ ਕਈ ਏਕੜ ਜਮੀਨ ਦਰਿਆ ‘ਚ ਸਮਾ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਨਜ਼ਰ ਨਹੀਂ ਆ ਰਹੀ ਕਿ ਸਰਕਾਰ ਉਨ੍ਹਾਂ ਨੂੰ ਜ਼ਮੀਨ ਦੇ ਬਦਲੇ ਕੁੱਝ ਦੇਵੇਗੀ। ਕਾਂਗਰਸ ਸਾਂਸਦ ਅਮਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੂੰ ਪੂਰੇ ਮਾਮਲੇ ਦੀ ਜਾਂਚ ਕਰਵਾ ਕੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ।
ਅਗਲੀ ਫਸਲ ਤੋਂ ਪਹਿਲਾਂ ਕਰ ਦਿੱਤੀ ਜਾਵੇਗੀ ਨਿਸ਼ਾਨਦੇਹੀ: ਧਾਲੀਵਾਲ
ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਹਨੀ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਪਾਣੀ ਉੱਤਰ ਜਾਣ ਤੋਂ ਬਾਅਦ ਤੇ ਰੇਤ ਹਟਾਉਣ ਤੋਂ ਬਾਅਦ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਰਿਵੈਨਿਊ ਵਿਭਾਗ ਕੋਲ ਸਾਰਾ ਰਿਕਾਰਡ ਮੌਜੂਦ ਹੈ। ਉਸ ਦੇ ਮੁਤਾਬਕ ਨਿਸ਼ਾਨਦੇਹੀ ਕਰ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਜੇਕਰ ਕਿਸੇ ਕਿਸਾਨ ਦੀ ਖੇਤ ਦੀ ਨਿਸ਼ਾਨਦੇਹੀ ਪ੍ਰਭਾਵਿਤ ਹੋਈ ਹੈ ਤਾਂ ਉਸ ਦਾ ਰੇਵਨਿਊ ਰਿਕਾਰਡ ਜਾਂਚ ਕਰਕੇ ਜ਼ਮੀਨ ਦੀ ਨਿਸ਼ਾਨਦੇਹੀ ਅਗਲੀ ਫਸਲ ਤੋਂ ਪਹਿਲਾ ਕਰ ਦਿੱਤੀ ਜਾਵੇਗੀ।