ਲੁਧਿਆਣਾ ‘ਚ ਇਨਫਲੂਐਂਸਰ ‘ਬਾਬਾ ਬਰਗਰ ਵਾਲਾ’ ਖ਼ਿਲਾਫ਼ FIR, AI ਫੋਟੋ-ਵੀਡੀਓ ਬਣਾ ਕੇ ਪੈਸੇ ਮੰਗਣ ਦੇ ਦੋਸ਼
Baba Burger Wala Influencer FIR; ਲੁਧਿਆਣਾ ਵਿੱਚ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਅਤੇ ‘ਬਾਬਾ ਬਰਗਰ ਵਾਲਾ’ ਦੇ ਨਾਂ ਨਾਲ ਮਸ਼ਹੂਰ ਇਨਫਲੂਐਂਸਰ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਉਸ ’ਤੇ AI ਰਾਹੀਂ ਫੋਟੋਆਂ ਅਤੇ ਵੀਡੀਓਜ਼ ਤਿਆਰ ਕਰਕੇ ਇੰਸਟਾਗ੍ਰਾਮ ’ਤੇ ਅਪਲੋਡ ਕਰਨ ਅਤੇ ਬਦਲੇ ਵਿੱਚ ਪੈਸਿਆਂ ਦੀ ਮੰਗ ਕਰਨ ਦੇ ਦੋਸ਼ ਲੱਗੇ ਹਨ।
ਇਹ ਮਾਮਲਾ ਗੁਰਦੁਆਰਾ ਬਾਬਾ ਦੀਪ ਸਿੰਘ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਮਾਡਲ ਟਾਊਨ ਥਾਣੇ ਵਿੱਚ 1 ਨਵੰਬਰ 2026 ਨੂੰ ਦਰਜ FIR ਮੁਤਾਬਕ, ਮੁਲਜ਼ਮ ਦੀ ਪਛਾਣ ਤਾਜਪੁਰ ਰੋਡ ਦੇ ਰਹਿਣ ਵਾਲੇ ਰਵਿੰਦਰਪਾਲ ਸਿੰਘ ਪੁੱਤਰ ਗਜਿੰਦਰ ਸਿੰਘ ਵਜੋਂ ਹੋਈ ਹੈ।
ਸ਼ਿਕਾਇਤਕਰਤਾ ਨਵਪ੍ਰੀਤ ਸਿੰਘ ਬਿੰਦਰਾ, ਜੋ ਜਵੱਦੀ ਪਿੰਡ ਮਾਡਲ ਟਾਊਨ ਦੇ ਰਹਿਣ ਵਾਲੇ ਹਨ, ਨੇ 21 ਅਗਸਤ 2026 ਨੂੰ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਮੁਲਜ਼ਮ ਉਨ੍ਹਾਂ ਦੀਆਂ AI ਰਾਹੀਂ ਫੋਟੋਆਂ ਅਤੇ ਵੀਡੀਓਜ਼ ਬਣਾਕੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪਾਉਂਦਾ ਸੀ ਅਤੇ ਇਸ ਦੇ ਬਦਲੇ ਪੈਸਿਆਂ ਦੀ ਮੰਗ ਕਰਦਾ ਸੀ।
ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 356(1), 356(2), 308(2) ਅਤੇ IT ਐਕਟ ਦੀ ਧਾਰਾ 66(C) ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ਦੀ ਅਗਲੇਰੀ ਜਾਂਚ ਇੰਸਪੈਕਟਰ ਗੁਰਸ਼ਿੰਦਰ ਕੌਰ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।