ਤਰਨ ਤਾਰਨ ਵਿੱਚ ਗੋਲੀਬਾਰੀ, 27 ਸਾਲਾ ਨੌਜਵਾਨ ਦੀ ਮੌਤ
Breaking News: ਤਰਨ ਤਾਰਨ ਦੇ ਭਾਈ ਲਧੂ ਪਿੰਡ ਵਿੱਚ ਬੀਤੀ ਰਾਤ ਦੋ ਧਿਰਾਂ ਵਿਚਾਲੇ ਹੋਏ ਤਣਾਅਪੂਰਨ ਝਗੜੇ ਨੇ ਖੂਨੀ ਰੂਪ ਧਾਰ ਲਿਆ, ਜਿਸ ਵਿੱਚ ਗੋਲੀ ਲੱਗਣ ਕਾਰਨ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਵਿੰਦਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਜੋਂ ਹੋਈ ਹੈ, ਜੋ ਭਾਈ ਲਧੂ ਪਿੰਡ ਦਾ ਹੀ ਰਹਿਣ ਵਾਲਾ ਸੀ।
ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਤੋਂ ਕੀਤਾ ਇਨਕਾਰ
ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਮੀਡੀਆ ਅੱਗੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਦੀ ਚੁੱਪੀ ਨੇ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ।
ਥਾਣਾ ਸਦਰ ਪੱਟੀ ਦੇ ਐਸ.ਐਚ.ਓ. ਵਿਪਨ ਕੁਮਾਰ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਪਰਿਵਾਰ ਨੇ ਮਾਮਲੇ ਨੂੰ ਮੀਡੀਆ ਤੱਕ ਨਾ ਲਿਆਉਣ ਦੀ ਬੇਨਤੀ ਕੀਤੀ ਹੈ, ਇਸ ਲਈ ਪੁਲਿਸ ਇਸ ਸਮੇਂ ਵੇਰਵਿਆਂ ਤੋਂ ਬਚ ਰਹੀ ਹੈ।
ਮਾਮਲਾ ਬਣਿਆ ਸੰਦੇਹਪੂਰਨ, ਸੱਚਾਈ ਦਬਾਉਣ ਦੇ ਦੋਸ਼
ਸੂਤਰਾਂ ਅਨੁਸਾਰ, ਘਟਨਾ ਕਾਫ਼ੀ ਸੰਦੇਹਪੂਰਨ ਲੱਗ ਰਹੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪੁਲਿਸ ਅਤੇ ਪਰਿਵਾਰ ਦੋਵੇਂ ਹੀ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਇਲਾਕੇ ਵਿੱਚ ਚਰਚਾਵਾਂ ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
ਪੁਲਿਸ ਵੱਲੋਂ ਜਾਂਚ ਜਾਰੀ
ਮੌਕੇ ‘ਤੇ ਕਾਫ਼ੀ ਤਣਾਅ ਬਣਿਆ ਹੋਇਆ ਹੈ। ਪੁਲਿਸ ਨੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ।