ਕਾਮੇਡੀਅਨ Kapil Sharma ਦੇ ਅੰਮ੍ਰਿਤਸਰ ਸਥਿਤ ਘਰ ਬਾਹਰ ਤਾਬੜਤੋੜ ਫਾਇਰਿੰਗ: ਬਾਈਕ ਸਵਾਰ ਹਮਲਾਵਰਾਂ ਨੇ ਚਲਾਈਆਂ ਗੋਲੀਆਂ
Kapil Sharma Amritsar: ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਘਰ ‘ਤੇ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਅੰਮ੍ਰਿਤਸਰ ਦੇ ਬੇਹੱਦ ਪਾਸ਼ ਅਤੇ ਵੀਆਈਪੀ (VIP) ਇਲਾਕੇ ਵਜੋਂ ਜਾਣੇ ਜਾਂਦੇ ‘ਹੋਲੀ ਸਿਟੀ’ (Holy City) ਵਿੱਚ ਵਾਪਰੀ। ਹਮਲਾਵਰਾਂ ਨੇ ਕਪਿਲ ਸ਼ਰਮਾ ਦੇ ਘਰ ਦੇ ਬਾਹਰ ਦੋ ਰਾਊਂਡ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਮੋਟਰਸਾਈਕਲ ‘ਤੇ ਆਏ ਸਨ ਹਮਲਾਵਰ, ਮੁੰਬਈ ‘ਚ ਹੈ ਪਰਿਵਾਰ
ਮੁਢਲੀ ਜਾਂਚ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ ਘਰ ਦੇ ਬਾਹਰ ਬਾਈਕ ਰੋਕੀ ਅਤੇ ਅਚਾਨਕ ਫਾਇਰਿੰਗ ਕਰ ਦਿੱਤੀ। ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਤੁਰੰਤ ਹਰਕਤ ਵਿੱਚ ਆਈਆਂ ਅਤੇ ਮੌਕੇ ‘ਤੇ ਪਹੁੰਚ ਕੇ ਪੂਰੇ ਹਿੱਸੇ ਨੂੰ ਸੀਲ ਕਰ ਦਿੱਤਾ।
ਰਾਹਤ ਦੀ ਗੱਲ ਇਹ ਰਹੀ ਕਿ ਕਪਿਲ ਸ਼ਰਮਾ ਇਸ ਸਮੇਂ ਆਪਣੇ ਪੂਰੇ ਪਰਿਵਾਰ ਨਾਲ ਮੁੰਬਈ ਵਿਖੇ ਰਹਿ ਰਹੇ ਹਨ। ਪੁਲਿਸ ਇਸ ਗੱਲ ਦੀ ਪਤਾ ਲਗਾ ਰਹੀ ਹੈ ਕਿ ਵਾਰਦਾਤ ਦੇ ਸਮੇਂ ਕੋਈ ਕੇਅਰਟੇਕਰ ਜਾਂ ਕੋਈ ਹੋਰ ਮੈਂਬਰ ਘਰ ਦੇ ਅੰਦਰ ਮੌਜੂਦ ਸੀ ਜਾਂ ਨਹੀਂ।
CCTV ਫੁਟੇਜ ਖੰਗਾਲ ਰਹੀ ਹੈ ਪੁਲਿਸ
ਵਾਰਦਾਤ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਕਪਿਲ ਸ਼ਰਮਾ ਦੇ ਨਿਵਾਸ ਅਤੇ ਆਸ-ਪਾਸ ਦੇ ਗੁਆਂਢੀ ਵੀਆਈਪੀ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹਮਲਾਵਰਾਂ ਦੇ ਆਉਣ-ਜਾਣ ਦੇ ਰੂਟ ਅਤੇ ਉਨ੍ਹਾਂ ਦੀ ਪਛਾਣ ਸਥਾਪਿਤ ਕਰਨ ਲਈ ਹਾਈ-ਟੈਕ ਟੀਮਾਂ ਵੱਲੋਂ ਫੁਟੇਜ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।
ਫਿਲਹਾਲ ਪੁਲਿਸ ਦੇ ਉੱਚ ਅਧਿਕਾਰੀਆਂ ਮੁਤਾਬਕ ਹਮਲੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਫਾਇਰਿੰਗ ਸਿਰਫ਼ ਦਹਿਸ਼ਤ ਫੈਲਾਉਣ ਲਈ ਕੀਤੀ ਗਈ ਸੀ ਜਾਂ ਇਸ ਪਿੱਛੇ ਫਿਰੌਤੀ ਵਰਗਾ ਕੋਈ ਹੋਰ ਮਕਸਦ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।