ਪੰਜਾਬ ‘ਚ ਮੁੜ ਹੜ੍ਹ ਦਾ ਖ਼ਤਰਾ! ਪੌਂਗ ਡੈਮ ਦੇ ਖੋਲ੍ਹੇ ਫਲੱਡ ਗੇਟ
Pong Dam gate open; ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਫਿਰ ਇੱਕ ਵਾਰੀ ਚਿੰਤਾ ਵੱਧ ਗਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਰੈਂਜ ਅਲਰਟ ਦੇ ਮੱਦੇਨਜ਼ਰ ਬੀਬੀਐਮਬੀ ਨੇ ਵੱਡਾ ਫੈਸਲਾ ਲੈਂਦਿਆਂ ਪੌਂਗ ਡੈਮ ਦੇ ਫਲੱਡ ਗੇਟ ਅੱਜ ਖੋਲ ਦਿੱਤੇ ਗਏ ਹਨ । ਮਿਲੀ ਜਾਣਕਾਰੀ ਅਨੁਸਾਰ, ਤਲਵਾਰਾ ਦੇ ਨੇੜੇ ਸਥਿਤ ਪੌਂਗ ਡੈਮ ਤੋਂ ਅੱਜ ਕਰੀਬ 50 ਹਜ਼ਾਰ ਕਿਊਸੈਕ ਪਾਣੀ ਬਿਆਸ ਦਰਿਆ ‘ਚ ਛੱਡਿਆ ਗਿਆ । ਇਸ ਫੈਸਲੇ ਦਾ ਸਿੱਧਾ ਅਸਰ ਹੇਠਲੇ ਇਲਾਕਿਆਂ ‘ਤੇ ਪੈ ਸਕਦਾ ਹੈ, ਇਸ ਕਰਕੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਯਾਦ ਰਹੇ ਕਿ 29 ਸਤੰਬਰ ਤੋਂ ਪੌਂਗ ਡੈਮ ਦੇ ਗੇਟ ਬੰਦ ਕਰ ਦਿੱਤੇ ਗਏ ਸਨ ਕਿਉਂਕਿ ਉਸ ਵੇਲੇ ਡੈਮ ‘ਚ ਪਾਣੀ ਦੀ ਆਮਦ ਕਾਫ਼ੀ ਘੱਟ ਹੋ ਗਈ ਸੀ। ਇਸ ਨਾਲ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਸੀ। ਪਰ ਹੁਣ ਜਿਵੇਂ ਹੀ ਮੌਸਮ ਵਿਭਾਗ ਨੇ ਮੁੜ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ, ਹੜ੍ਹਾਂ ਦਾ ਖਤਰਾ ਫਿਰ ਤੋਂ ਮੰਡਰਾਉਣ ਲੱਗਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਦੇ ਨੇੜੇ ਵਾਲੇ ਇਲਾਕਿਆਂ ‘ਚ ਸਾਵਧਾਨੀ ਬਰਤਣ ਅਤੇ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਤਿਆਰ ਰਹਿਣ।