ਹੁਸ਼ਿਆਰਪੁਰ ਦੀ ਸੋਨਾਲੀਕਾ ਫੈਕਟਰੀ ’ਚ ਵੜੇ ਤੇਂਦੂਏ ਨੂੰ ਜੰਗਲਾਤ ਵਿਭਾਗ ਨੇ ਕੀਤਾ ਕਾਬੂ
ਹੁਸ਼ਿਆਰਪੁਰ: ਹੁਸ਼ਿਆਰਪੁਰ ਦੀ ਸੋਨਾਲੀਕਾ ਟਰੈਕਟਰ ਫੈਕਟਰੀ ਵਿੱਚ ਦੇਰ ਰਾਤ ਜੰਗਲੀ ਤੇਂਦੂਏ ਦੇ ਦਾਖ਼ਲ ਹੋਣ ਕਾਰਨ ਮੁਲਾਜ਼ਮਾਂ ਵਿੱਚ ਦਹਿਸ਼ਤ ਫੈਲ ਗਈ। ਫੈਕਟਰੀ ਦੇ ਅੰਦਰ ਤੇਂਦੂਆ ਹੋਣ ਦੀ ਸੂਚਨਾ ਮਿਲਦਿਆਂ ਹੀ ਜੰਗਲਾਤ ਅਤੇ ਵਣ ਜੀਵ ਸੁਰੱਖਿਆ ਵਿਭਾਗ ਦੀ ਟੀਮ ਹਰਕਤ ਵਿੱਚ ਆ ਗਈ। ਕਾਫ਼ੀ ਮੁਸ਼ੱਕਤ ਤੋਂ ਬਾਅਦ ਰੈਸਕਿਊ ਟੀਮ ਨੇ ਜਾਨਵਰ ਨੂੰ ਸੁਰੱਖਿਅਤ ਕਾਬੂ ਕਰ ਲਿਆ। ਇਸ ਪੂਰੇ ਆਪ੍ਰੇਸ਼ਨ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਜੰਗਲਾਤ ਵਿਭਾਗ ਦੇ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਰਾਤ ਕਰੀਬ 12 ਵਜੇ ਫੈਕਟਰੀ ਅੰਦਰ ਤੇਂਦੂਆ ਦੇਖੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਅੱਧੇ ਤੋਂ ਪੌਣੇ ਘੰਟੇ ਦੇ ਅੰਦਰ DFO ਦਵਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਰੈਸਕਿਊ ਟੀਮ ਮੌਕੇ ’ਤੇ ਪਹੁੰਚ ਗਈ।
ਭਾਰੀ ਮਸ਼ੀਨਰੀ ਵਿਚਕਾਰ ਲੱਭਣਾ ਬਣਿਆ ਚੁਣੌਤੀ
ਅਧਿਕਾਰੀ ਮੁਤਾਬਕ, ਤੇਂਦੂਆ ਪਹਿਲਾਂ ਫੈਕਟਰੀ ਦੇ ਇੱਕ ਹਿੱਸੇ ਵਿੱਚ ਨਜ਼ਰ ਆਇਆ ਸੀ, ਪਰ ਬਾਅਦ ਵਿੱਚ ਉਹ ਪ੍ਰੈੱਸ ਵਰਕਸ਼ਾਪ ਵਿੱਚ ਜਾ ਲੁਕਿਆ। ਉੱਥੇ ਵੱਡੀਆਂ ਮਸ਼ੀਨਾਂ ਅਤੇ ਹੋਰ ਸਾਮਾਨ ਦੀ ਭਰਮਾਰ ਹੋਣ ਕਾਰਨ ਉਸ ਨੂੰ ਲੱਭਣਾ ਅਤੇ ਸੁਰੱਖਿਅਤ ਬਾਹਰ ਕੱਢਣਾ ਟੀਮ ਲਈ ਚੁਣੌਤੀਪੂਰਨ ਰਿਹਾ। ਹਾਲਾਂਕਿ, ਕਰੀਬ ਇੱਕ ਘੰਟੇ ਦੀ ਕਾਰਵਾਈ ਮਗਰੋਂ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਇਸ ਰੈਸਕਿਊ ਆਪ੍ਰੇਸ਼ਨ ਵਿੱਚ ਵਾਈਲਡ ਲਾਈਫ ਦਸੂਹਾ ਅਤੇ ਹੁਸ਼ਿਆਰਪੁਰ ਦੇ ਰੇਂਜ ਅਫ਼ਸਰਾਂ ਤੋਂ ਇਲਾਵਾ ਏਰੀਆ ਇੰਚਾਰਜ ਨਮਨਪ੍ਰੀਤ ਕੌਰ ਅਤੇ ਹੋਰ ਮੁਲਾਜ਼ਮਾਂ ਨੇ ਵੀ ਸਹਿਯੋਗ ਦਿੱਤਾ।
ਮੈਡੀਕਲ ਜਾਂਚ ਤੋਂ ਬਾਅਦ ਹੋਵੇਗਾ ਅਗਲਾ ਫੈਸਲਾ
ਚਰਨਜੀਤ ਸਿੰਘ ਨੇ ਦੱਸਿਆ ਕਿ ਰੈਸਕਿਊ ਕੀਤਾ ਗਿਆ ਤੇਂਦੂਆ ਨਰ ਹੈ ਅਤੇ ਉਸ ਦੀ ਉਮਰ ਢਾਈ ਸਾਲ ਤੋਂ ਵੱਧ ਹੈ। ਲੋੜੀਂਦੀ ਦਵਾਈ ਦੇਣ ਤੋਂ ਬਾਅਦ ਉਸ ਨੂੰ ਹੋਸ਼ ਵਿੱਚ ਲਿਆਂਦਾ ਗਿਆ ਅਤੇ ਫਿਲਹਾਲ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਤੇਂਦੂਏ ਦੇ ਫੈਕਟਰੀ ਵਿੱਚ ਪਹੁੰਚਣ ਦੇ ਕਾਰਨਾਂ ਬਾਰੇ ਅਧਿਕਾਰੀ ਨੇ ਕਿਹਾ ਕਿ ਗਲੋਬਲ ਵਾਰਮਿੰਗ ਅਤੇ ਪਹਾੜੀ ਖੇਤਰਾਂ ਵਿੱਚ ਮਨੁੱਖੀ ਦਖ਼ਲ ਵਧਣ ਕਾਰਨ ਜੰਗਲੀ ਜੀਵ ਹੇਠਲੇ ਇਲਾਕਿਆਂ ਵੱਲ ਆ ਰਹੇ ਹਨ। ਪਹਿਲਾਂ ਸਰਦੀਆਂ ਵਿੱਚ ਹਿਮਾਚਲ ਪ੍ਰਦੇਸ਼ ਤੋਂ ਤੇਂਦੂਏ ਇੱਥੇ ਆਉਂਦੇ ਸਨ ਅਤੇ ਮੌਸਮ ਬਦਲਣ ’ਤੇ ਵਾਪਸ ਪਰਤ ਜਾਂਦੇ ਸਨ, ਪਰ ਹੁਣ ਕੁਝ ਜਾਨਵਰ ਇਨ੍ਹਾਂ ਇਲਾਕਿਆਂ ਦੇ ਮਾਹੌਲ ਵਿੱਚ ਵੀ ਰਹਿਣ ਲੱਗ ਪਏ ਹਨ।
ਉਨ੍ਹਾਂ ਦੱਸਿਆ ਕਿ ਵੈਟਰਨਰੀ ਡਾਕਟਰ ਦਰਦੀ ਵੱਲੋਂ ਤੇਂਦੂਏ ਦੀ ਸਿਹਤ ਦੀ ਜਾਂਚ ਕੀਤੀ ਜਾਵੇਗੀ। ਫਿੱਟਨੈੱਸ ਸਰਟੀਫਿਕੇਟ ਮਿਲਣ ਤੋਂ ਬਾਅਦ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਕ ਫੈਸਲਾ ਹੋਵੇਗਾ ਕਿ ਉਸ ਨੂੰ ਛੱਤਬੀੜ ਚਿੜੀਆਘਰ ਭੇਜਿਆ ਜਾਵੇ ਜਾਂ ਮੁੜ ਉਸ ਦੇ ਕੁਦਰਤੀ ਜੰਗਲੀ ਵਾਤਾਵਰਣ ਵਿੱਚ ਛੱਡਿਆ ਜਾਵੇ।