ਕਾਂਗਰਸ ਦੇ ਸਾਬਕਾ ਵਿਧਾਇਕ ਦਾ ਗੰਨਮੈਨ ਅਫ਼ੀਮ ਸਮੇਤ ਗ੍ਰਿਫ਼ਤਾਰ, 2 ਹੋਰ ਸਾਥੀ ਵੀ ਕਾਬੂ
Former Congress MLA’s gunman arrested with opium: ਤਰਨਤਾਰਨ: ਫਿਰੋਜ਼ਪੁਰ ਦੇ ਜੀਰਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਗੰਨਮੈਨ ਸਮੇਤ ਤਿੰਨ ਵਿਅਕਤੀਆਂ ਨੂੰ ਬੀਐੱਸਐੱਫ ਅਤੇ ਪੁਲਿਸ ਨੇ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਮੰਗਲਵਾਰ ਸ਼ਾਮ ਤਰਨਤਾਰਨ ਦੇ ਸਰਹੱਦੀ ਇਲਾਕੇ ਵਿੱਚੋਂ ਕਾਬੂ ਕੀਤਾ ਗਿਆ। ਉਨ੍ਹਾਂ ਕੋਲੋਂ 525 ਗ੍ਰਾਮ ਅਫ਼ੀਮ ਅਤੇ ਇੱਕ ਬੋਲੇਰੋ ਗੱਡੀ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ, ਮੰਗਲਵਾਰ ਸ਼ਾਮ ਕਰੀਬ 5 ਵਜੇ ਬੀਐੱਸਐੱਫ ਅਤੇ ਖਾਲੜਾ ਪੁਲਿਸ ਦੀ ਟੀਮ ਨੇ ਸਰਹੱਦੀ ਇਲਾਕੇ ਵਿੱਚ ਬੀਓਪੀ ਮੰਗਲੀ ਨੇੜੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਤਿੰਨ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਅਫ਼ੀਮ ਬਰਾਮਦ ਹੋਈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਮਰਜੀਤ ਸਿੰਘ ਵਾਸੀ ਪਿੰਡ ਸੁਲਿਆਣੀ, ਫਿਰੋਜ਼ਪੁਰ, ਕੁਲਦੀਪ ਸਿੰਘ ਵਾਸੀ ਸਨੇਰ ਰੋਡ, ਜੀਰਾ ਅਤੇ ਜਗਬੀਰ ਸਿੰਘ ਵਾਸੀ ਪਿੰਡ ਬੂਈਆਂ, ਫਿਰੋਜ਼ਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਸਿੰਘ ਪੰਜਾਬ ਪੁਲਿਸ ਵਿੱਚ ਤਾਇਨਾਤ ਹੈ ਅਤੇ ਉਹ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦਾ ਗੰਨਮੈਨ ਰਹਿ ਚੁੱਕਾ ਹੈ।
ਜੀਰਾ ਬੋਲੇ—ਮੈਂ ਪਹਿਲਾਂ ਹੀ ਗੰਨਮੈਨ ਬਾਰੇ ਦੱਸਿਆ ਸੀ
ਆਪਣੇ ਗੰਨਮੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਸਬੰਧਤ ਅਧਿਕਾਰੀਆਂ ਨੂੰ ਗੰਨਮੈਨ ਦੇ ਵਿਹਾਰ ਅਤੇ ਡਿਊਟੀ ਸਬੰਧੀ ਹਾਲਾਤ ਬਾਰੇ ਜਾਣੂ ਕਰਵਾਇਆ ਸੀ। ਜੀਰਾ ਨੇ ਕਿਹਾ ਕਿ ਉਹ ਗੈਂਗਸਟਰਾਂ ਵੱਲੋਂ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਵਿੱਚ ਲਗਾਤਾਰ ਆਵਾਜ਼ ਉਠਾਉਂਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਰੱਖਿਆ ਸਬੰਧੀ ਆਪਣੀਆਂ ਚਿੰਤਾਵਾਂ ਜ਼ਾਹਰ ਕਰ ਚੁੱਕੇ ਹਨ। ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਆਪਣੀ ਜਾਨ ਦਾ ਖ਼ਤਰਾ ਹੈ ਅਤੇ ਸਰਕਾਰ ਉਨ੍ਹਾਂ ਦਾ ਐਨਕਾਊਂਟਰ ਕਰਵਾਉਣਾ ਚਾਹੁੰਦੀ ਹੈ।
ਜੀਰਾ ਨੇ ਕਿਹਾ—ਗੰਨਮੈਨ ਨੇ ਇੱਕ ਘੰਟਾ ਹੀ ਡਿਊਟੀ ਕੀਤੀ
ਸਾਬਕਾ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨਾਲ ਪਹਿਲਾਂ ਏਐੱਸਆਈ ਰੇਸ਼ਮ ਸਿੰਘ ਤਾਇਨਾਤ ਸੀ, ਜੋ ਬਿਮਾਰ ਹੋਣ ਕਾਰਨ ਛੁੱਟੀ ’ਤੇ ਚਲਾ ਗਿਆ ਸੀ। ਇਸ ਤੋਂ ਬਾਅਦ ਫਿਰੋਜ਼ਪੁਰ ਦੇ ਐੱਸਐੱਸਪੀ ਦੇ ਕਹਿਣ ’ਤੇ ਓਏਐੱਸਆਈ ਇੰਦਰਜੀਤ ਸਿੰਘ ਨੇ ਉਨ੍ਹਾਂ ਕੋਲ ਨਵਾਂ ਗੰਨਮੈਨ ਭੇਜਿਆ ਸੀ। ਜੀਰਾ ਮੁਤਾਬਕ, ਉਨ੍ਹਾਂ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਨਵੇਂ ਗੰਨਮੈਨ ਦੇ ਰੰਗ-ਢੰਗ ਠੀਕ ਨਹੀਂ ਲੱਗ ਰਹੇ, ਕਿਉਂਕਿ ਉਹ ਸਿਰਫ਼ ਇੱਕ ਘੰਟਾ ਡਿਊਟੀ ’ਤੇ ਆਇਆ ਅਤੇ ਉਸ ਤੋਂ ਬਾਅਦ ਨਹੀਂ ਆਇਆ। ਉਨ੍ਹਾਂ ਦੇ ਦਾਅਵੇ ਅਨੁਸਾਰ, ਗੰਨਮੈਨ ਨੇ ਇਹ ਵੀ ਕਿਹਾ ਸੀ ਕਿ ਉਹ ਡਿਊਟੀ ਨਹੀਂ ਕਰਨਾ ਚਾਹੁੰਦਾ ਅਤੇ ਆਪਣੀ ਬਦਲੀ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਲਹਾਲ ਬੀਐੱਸਐੱਫ ਅਤੇ ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਅਫ਼ੀਮ ਦੀ ਬਰਾਮਦਗੀ ਸਬੰਧੀ ਅਗਲੀ ਜਾਂਚ ਕੀਤੀ ਜਾ ਰਹੀ ਹੈ।